Punjab Election 2022: ਪੰਜਾਬ ਵਿਧਾਨ ਸਭਾ ਚੋਣਾਂ 'ਚ ਬਹੁਤ ਘੱਟ ਸਮਾਂ ਬਚਿਆ ਹੈ। ਤਰੀਕਾਂ ਦਾ ਐਲਾਨ ਹੁੰਦੇ ਹੀ ਸਾਰੀਆਂ ਪਾਰਟੀਆਂ ਹੁਣ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨ ਲੱਗ ਪਈਆਂ ਹਨ। ਇਸ ਸਭ ਦੇ ਵਿਚਕਾਰ ਲੋਕਾਂ ਦੀ ਰਾਏ ਜਾਣਨ ਲਈ ਚੋਣ ਸਰਵੇਖਣ ਵੀ ਕਰਵਾਏ ਜਾ ਰਹੇ ਹਨ।



ਇਨ੍ਹਾਂ ਸਰਵੇਖਣਾ ਰਾਹੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਵਾਰ ਜਨਤਾ ਕਿਸ ਪਾਰਟੀ ਵੱਲ ਝੁਕ ਰਹੀ ਹੈ। ਪੰਜਾਬ ਦੀ ਗੱਲ ਹੈ ਕਿ ਇਸ ਵਾਰ ਸੂਬੇ 'ਚ 'ਆਪ' ਵੱਡੀ ਪਾਰਟੀ ਬਣ ਕੇ ਉਭਰੀ ਹੈ। ਹਾਲ ਹੀ 'ਚ ਰਿਪਬਲਿਕ ਇੰਡੀਆ ਅਤੇ ਪੀਐਮਆਰਕਿਊ ਵੱਲੋਂ 5 ਜਨਵਰੀ ਤੋਂ 16 ਜਨਵਰੀ ਦਰਮਿਆਨ ਕਰਵਾਏ ਗਏ ਸਰਵੇਖਣ ਵਿੱਚ ਦਿਲਚਸਪ ਅੰਕੜੇ ਸਾਹਮਣੇ ਆਏ ਹਨ। ਆਓ ਜਾਣਦੇ ਹਾਂ ਸਰਵੇਖਣ ਮੁਤਾਬਕ ਇਸ ਵਾਰ ਜਨਤਾ ਦਾ ਮੂਡ ਕੀ ਹੈ।

'ਆਪ' ਪਾਰਟੀ ਨੂੰ ਵੱਧ ਤੋਂ ਵੱਧ ਮਿਲ ਸਕਦੀਆਂ ਸੀਟਾਂ - ਸਰਵੇ
ਰਿਪਬਲਿਕ ਇੰਡੀਆ ਤੇ ਪੀਐਮਆਰਕਿਊ ਦੇ ਸਰਵੇਖਣ ਅਨੁਸਾਰ ਪੰਜਾਬ 'ਚ ‘ਆਪ’ ਨੂੰ 50-56 ਸੀਟਾਂ ਮਿਲ ਸਕਦੀਆਂ ਹਨ। ਇਸ ਨਾਲ ਆਮ ਆਦਮੀ ਪਾਰਟੀ 37.8 ਫੀਸਦੀ ਵੋਟਾਂ ਨਾਲ ਸੂਬੇ ਦੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰ ਸਕਦੀ ਹੈ।

ਜ਼ਿਕਰਯੋਗ ਹੈ ਕਿ ਫਰਵਰੀ-ਮਾਰਚ 'ਚ ਪੰਜ ਸੂਬਿਆਂ 'ਚ ਹੋਣ ਵਾਲੀਆਂ ਚੋਣਾਂ 'ਚ ਪੰਜਾਬ ਹੀ ਇੱਕ ਅਜਿਹਾ ਸੂਬਾ ਹੈ ਜਿੱਥੇ ਕਾਂਗਰਸ ਸੱਤਾ 'ਚ ਹੈ। ਸਰਵੇਖਣ ਮੁਤਾਬਕ ਕਾਂਗਰਸ ਨੂੰ 35.1 ਫੀਸਦੀ ਵੋਟਾਂ ਨਾਲ 42 ਤੋਂ 48 ਸੀਟਾਂ ਮਿਲ ਸਕਦੀਆਂ ਹਨ, ਜਦਕਿ ਅਕਾਲੀ ਦਲ ਨੂੰ 15.8 ਫੀਸਦੀ ਵੋਟਾਂ ਨਾਲ 13-17 ਸੀਟਾਂ ਮਿਲਣ ਦੀ ਸੰਭਾਵਨਾ ਹੈ। ਦੂਜੇ ਪਾਸੇ ਭਾਜਪਾ ਗਠਜੋੜ ਨੂੰ 5.7 ਵੋਟ ਪ੍ਰਤੀਸ਼ਤ ਨਾਲ 1-3 ਸੀਟਾਂ ਮਿਲ ਸਕਦੀਆਂ ਹਨ।

ਏਬੀਪੀ ਨਿਊਜ਼ ਤੇ ਸੀ ਵੋਟਰ ਦੇ ਸਰਵੇਖਣ ਮੁਤਾਬਕ ਪੰਜਾਬ ਵਿੱਚ 'ਆਪ' ਸਭ ਤੋਂ ਅੱਗੇ ਹੈ।

ਏਬੀਪੀ ਨਿਊਜ਼ ਤੇ ਸੀ ਵੋਟਰ ਦੇ ਤਾਜ਼ਾ ਸਰਵੇਖਣ ਮੁਤਾਬਕ 32 ਫੀਸਦੀ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਚਾਹੁੰਦੇ ਹਨ। ਇਸ ਦੇ ਨਾਲ ਹੀ 27 ਫੀਸਦੀ ਲੋਕ ਅਜੇ ਵੀ ਕਾਂਗਰਸ ਦੇ ਹੱਕ ਵਿਚ ਹਨ। ਜਦੋਂਕਿ ਅਕਾਲੀ ਦਲ ਅਤੇ ਬਸਪਾ ਗਠਜੋੜ ਦੇ ਹੱਕ ਵਿਚ ਸਿਰਫ 11 ਫੀਸਦੀ ਲੋਕ ਹਨ।

ਇਸ ਨਾਲ ਹੀ ਸਰਵੇ ਦੌਰਾਨ ਜਦੋਂ ਲੋਕਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਪੰਜਾਬ ਸਰਕਾਰ ਤੋਂ ਨਾਰਾਜ਼ ਹਨ ਤੇ ਬਦਲਾਅ ਚਾਹੁੰਦੇ ਹਨ। ਤਾਂ 66 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਤੋਂ ਨਾਰਾਜ਼ ਹਨ ਅਤੇ ਇਸ ਨੂੰ ਬਦਲਣਾ ਚਾਹੁੰਦੇ ਹਨ। ਇਸ ਦੇ ਨਾਲ ਹੀ 34 ਫੀਸਦੀ ਵੋਟਰਾਂ ਨੇ ਮੰਨਿਆ ਕਿ ਉਹ ਨਾ ਤਾਂ ਪੰਜਾਬ ਸਰਕਾਰ ਤੋਂ ਨਾਰਾਜ਼ ਹਨ ਤੇ ਨਾ ਹੀ ਇਸ ਨੂੰ ਬਦਲਣਾ ਚਾਹੁੰਦੇ ਹਨ।

ਪੰਜਾਬ ਵਿੱਚ ਮੁੱਖ ਮੰਤਰੀ ਵਜੋਂ ਚੰਨੀ ਲੋਕਾਂ ਦੀ ਪਹਿਲੀ ਪਸੰਦ
ਇਸ ਨਾਲ ਹੀ ਏਬੀਪੀ ਨਿਊਜ਼ ਸੀ ਵੋਟਰ ਸਰਵੇ ਮੁਤਾਬਕ ਸੂਬੇ ਦੇ 6 ਫੀਸਦੀ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਵਜੋਂ ਪਸੰਦ ਕਰ ਰਹੇ ਹਨ। ਸੂਬੇ ਦੇ ਲੋਕ ਸੁਖਬੀਰ ਸਿੰਘ ਬਾਦਲ ਨੂੰ 15 ਫੀਸਦੀ, ਅਰਵਿੰਦ ਕੇਜਰੀਵਾਲ ਨੂੰ 17 ਫੀਸਦੀ, ਚਰਨਜੀਤ ਸਿੰਘ ਚੰਨੀ ਨੂੰ 29 ਫੀਸਦੀ, ਨਵਜੋਤ ਸਿੰਘ ਸਿੱਧੂ ਨੂੰ 6 ਫੀਸਦੀ, ਭਗਵੰਤ ਮਾਨ ਨੂੰ 23 ਫੀਸਦੀ ਅਤੇ ਹੋਰਨਾਂ ਨੂੰ 4 ਫੀਸਦੀ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ।

ਪੰਜਾਬ ਵਿਚ 20 ਫਰਵਰੀ ਨੂੰ ਵੋਟਾਂ ਪੈਣਗੀਆਂ
ਜ਼ਿਕਰਯੋਗ ਹੈ ਕਿ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904