Punjab Elections 2022: ਸਾਬਕਾ ਥਲ ਸੈਨਾ ਮੁਖੀ ਜਨਰਲ ਜੋਗਿੰਦਰ ਜਸਵੰਤ ਸਿੰਘ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਗਏ ਹਨ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਚੰਡੀਗੜ੍ਹ ਵਿੱਚ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਸਮੇਤ ਹੋਰ ਭਾਜਪਾ ਆਗੂਆਂ ਦੀ ਹਾਜ਼ਰੀ ਵਿੱਚ ਪਾਰਟੀ ਵਿੱਚ ਸ਼ਾਮਲ ਹੋਏ। ਸ਼ੇਖਾਵਤ ਅਤੇ ਭਾਜਪਾ ਦੀ ਪੰਜਾਬ ਇਕਾਈ ਦੇ ਮੁਖੀ ਅਸ਼ਵਨੀ ਸ਼ਰਮਾ ਨੇ ਜਨਰਲ ਸਿੰਘ ਦਾ ਪਾਰਟੀ ਵਿਚ ਸਵਾਗਤ ਕੀਤਾ। 


ਸਾਬਕਾ ਫੌਜ ਮੁਖੀ ਨੇ ਸਾਲ 2018 ਵਿੱਚ ਸ਼੍ਰੋਮਣੀ ਅਕਾਲੀ ਦਲ ਛੱਡ ਦਿੱਤਾ ਸੀ।ਜਨਰਲ ਸਿੰਘ 2017 ਵਿੱਚ ਅਕਾਲੀ ਦਲ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਨੇ ਪਟਿਆਲਾ ਤੋਂ ਕਾਂਗਰਸ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਖਿਲਾਫ ਵਿਧਾਨ ਸਭਾ ਚੋਣ ਲੜੀ ਸੀ। ਇਸ ਦੌਰਾਨ ਉਨ੍ਹਾਂ ਨੂੰ ਅਮਰਿੰਦਰ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।


ਜਨਰਲ ਜੇਜੇ ਸਿੰਘ ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਵੀ ਰਹਿ ਚੁੱਕੇ ਹਨ। 2005 ਵਿੱਚ, ਉਹ ਫੌਜ ਮੁਖੀ ਵਜੋਂ ਨਿਯੁਕਤ ਹੋਣ ਵਾਲੇ ਪਹਿਲੇ ਸਿੱਖ ਬਣੇ। ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ 20 ਫਰਵਰੀ ਨੂੰ ਵੋਟਾਂ ਪੈਣੀਆਂ ਹਨ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।


ਜਨਰਲ ਜੇਜੇ ਸਿੰਘ ਨੇ ਏਬੀਪੀ ਨਿਊਜ਼ ਨਾਲ ਖਾਸ ਗੱਲਬਾਤ 'ਚ ਕਿਹਾ, "ਮੈਂ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹਾਂ ਅਤੇ ਜਿੱਥੇ ਵੀ ਮੈਨੂੰ ਮੌਕਾ ਮਿਲਿਆ ਮੈਂ ਉੱਥੇ ਤਰੱਕੀ ਕੀਤੀ ਹੈ, ਭਾਜਪਾ ਦੀਆਂ ਨੀਤੀਆਂ ਵੀ ਸਹੀ ਹਨ ਅਤੇ ਨੀਅਤ ਵੀ ਸਹੀ ਹੈ, ਮੈਨੂੰ ਖੁਸ਼ੀ ਹੈ ਕਿ ਮੈਂ ਲੋਕਾਂ ਦੀ ਸੇਵਾ ਕਰ ਸਕਾਂਗਾ।"


ਉਨ੍ਹਾਂ ਕਿਹਾ, "ਮੈਂ ਅਕਾਲੀ ਦਲ ਨਾਲ ਜੁੜਿਆ ਸੀ ਤਾਂ ਮੇਰੇ ਨਾਲ ਧੋਖਾ ਕੀਤਾ, ਉਹ ਖੁਦ ਸੰਵਿਧਾਨ ਦੇ ਖਿਲਾਫ ਗਏ ਸਨ, ਫਿਰ ਮੈਂ ਬ੍ਰਹਮਪੁਰਾ ਸਾਹਿਬ ਦੇ ਨਾਲ ਗਿਆ ਕਿਉਂਕਿ ਉਹ ਟਕਸਾਲੀ ਅਕਾਲੀ ਸਨ, ਇਸ ਲਈ ਮੈਂ ਉਨ੍ਹਾਂ ਦੇ ਨਾਲ ਗਿਆ, ਬ੍ਰਹਮਪੁਰਾ ਸਾਹਿਬ ਵਾਲੇ ਲੋਕ ਵੀ ਇੱਥੇ ਆ ਸਕਦੇ ਹਨ।"


ਜੇਜੇ ਸਿੰਘ ਨੇ ਕਿਹਾ, "ਰਾਜਨੀਤੀ ਵਿੱਚ ਚੰਗੇ ਲੋਕ ਹੋਣ ਉਨ੍ਹਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਵੀ ਚੰਗੇ ਲੋਕਾਂ ਨੂੰ ਵੋਟ ਪਾਉਣੀ ਚਾਹੀਦੀ ਹੈ।" ਉਨ੍ਹਾਂ ਅਗੇ ਕਿਹਾ ਕਿ, "ਮੈਂ ਬਿਲਕੁਲ ਸੱਚਾ ਨਿਕਲਿਆ, ਮੇਰੀ ਤਾਂ ਸਿਰਫ ਜ਼ਮਾਨਤ ਜ਼ਬਤ ਹੋਈ ਪਰ ਕੈਪਟਨ ਅਮਰਿੰਦਰ ਸਿੰਘ ਦੀ ਤਾਂ ਕੁਰਸੀ ਜ਼ਬਤ ਹੋ ਗਈ, ਉਨ੍ਹਾਂ ਨੂੰ ਕੁਰਸੀ ਤੋਂ ਵਹਿਲਾ ਕਰ ਦਿੱਤਾ ਗਿਆ।"


ਜਨਰਲ ਨੇ ਕਿਹਾ, "ਜੇਕਰ ਮੈਨੂੰ ਮੌਕਾ ਮਿਲਿਆ ਤਾਂ ਮੈਂ ਦਿਖਾਵਾਂਗਾ ਕਿ ਇੱਕ ਰੋਲ ਮਾਡਲ ਇੱਕ ਸਿਆਸੀ ਨੇਤਾ ਕਿਵੇਂ ਹੁੰਦਾ ਹੈ।ਜੇਕਰ ਭਾਜਪਾ ਮੈਨੂੰ ਕੈਪਟਨ ਅਮਰਿੰਦਰ ਸਿੰਘ ਦਾ ਸਮਰਥਨ ਕਰਨ ਲਈ ਕਹੇਗੀ ਤਾਂ ਮੈਂ ਉਨ੍ਹਾਂ ਦਾ ਸਮਰਥਨ ਕਰਾਂਗਾ।"


ਉਨ੍ਹਾਂ ਕਿਹਾ, "ਮੈਂ ਖਡੂਰ ਸਾਹਿਬ ਤੋਂ ਚੋਣ ਲੜਨ ਦੀ ਇੱਛਾ ਜ਼ਾਹਰ ਕੀਤੀ ਸੀ, ਅੱਜ ਪਟਿਆਲੇ ਦੇ ਲੋਕ ਸਮਝ ਗਏ ਹੋਣਗੇ ਕਿ ਜੋ ਮੈਂ ਕਿਹਾ ਉਹ ਸਹੀ ਸੀ, ਪਟਿਆਲੇ ਦੇ ਲੋਕਾਂ ਨੂੰ ਹੁਣ ਸਮਝਦਾਰੀ ਨਾਲ ਵੋਟ ਪਾਉਣੀ ਚਾਹੀਦੀ ਹੈ।" ਜਨਰਲ ਨੇ ਕਿਹਾ , "ਉਥੋਂ ਦੇ ਲੋਕਾਂ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਸਾਡੇ ਬੋਰਡ ਦਾ ਕਿਹੜਾ ਉਮੀਦਵਾਰ ਯੋਗ ਹੈ, ਉਸ ਨੂੰ ਹੀ ਵੋਟ ਪਾਓ, ਪਟਿਆਲਾ ਦੇ ਲੋਕਾਂ ਨੇ ਮੈਨੂੰ ਕਿਹਾ, ਇੱਥੇ ਤਾਂ ਲੁੱਟ ਹੀ ਹੁੰਦੀ ਹੈ, ਜੋ ਵੀ ਚੋਣ ਲੜਦਾ ਹੈ ਇੱਥੋਂ ਤਾਂ ਰਾਜੇ ਮਹਾਰਾਜੇ ਹੀ ਜਿੱਤੇ ਹਨ।"


ਜਨਰਲ ਨੇ ਕਿਹਾ , "ਲੋਕਾਂ ਨੇ ਪਾਰਟੀ ਨੂੰ ਨਹੀਂ ਉਮੀਦਵਾਰ ਨੂੰ ਦੇਖ ਕੇ ਵੋਟਾਂ ਪਾਈਆਂ ਹਨ।ਜੇਕਰ ਕੈਪਟਨ ਅਮਰਿੰਦਰ ਸਿੰਘ ਮੈਨੂੰ ਬੇਨਤੀ ਕਰਨਗੇ ਤਾਂ ਮੈਂ ਪਟਿਆਲਾ ਵਿੱਚ ਉਨ੍ਹਾਂ ਲਈ ਚੋਣ ਪ੍ਰਚਾਰ ਜ਼ਰੂਰ ਕਰਾਂਗਾ।"