ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਲਈ ਸੂਬੇ 'ਚ ਆਦਰਸ਼ ਚੋਣ ਜ਼ਾਬਤਾ ਲਾਗੂ (Code of Conduct) ਹੋਣ ਉਪਰੰਤ ਵੱਖ-ਵੱਖ ਇਨਫੋਰਸਮੈਂਟ ਟੀਮਾਂ ਵੱਲੋਂ ਸੂਬੇ 'ਚੋਂ 20 ਜਨਵਰੀ, 2022 ਤਕ ਜ਼ਾਬਤੇ ਦੀ ਉਲੰਘਣਾ ਦੇ ਸਬੰਧ 'ਚ 60.75 ਕਰੋੜ ਰੁਪਏ ਦੀ ਕੀਮਤ ਦੀਆਂ ਵਸਤਾਂ ਜ਼ਬਤ ਕੀਤੀਆਂ ਗਈਆਂ ਹਨ।
ਇਸ ਸਬੰਧੀ ਵੇਰਵੇ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਫ਼ਸਰ (ਸੀਈਓ) ਡਾ. ਐਸ. ਕਰੁਣਾ ਰਾਜੂ ਨੇ ਅੱਜ ਦੱਸਿਆ ਕਿ ਨਿਗਰਾਨ ਟੀਮਾਂ ਨੇ 3 ਕਰੋੜ ਰੁਪਏ ਦੀ 10.33 ਲੱਖ ਲੀਟਰ ਸ਼ਰਾਬ ਜ਼ਬਤ ਕੀਤੀ ਹੈ। ਇਸੇ ਤਰ੍ਹਾਂ ਇਨਫੋਰਸਮੈਂਟ ਵਿੰਗਾਂ ਵੱਲੋਂ 44.57 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕਰਨ ਤੋਂ ਇਲਾਵਾ 12.32 ਕਰੋੜ ਰੁਪਏ ਦੀ ਬੇਨਾਮੀ ਨਕਦੀ ਵੀ ਜ਼ਬਤ ਕੀਤੀ ਗਈ ਹੈ।
ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ 1112 ਵੱਧ ਸੰਵੇਦਨਸ਼ੀਲ ਥਾਵਾਂ ਦੀ ਪਛਾਣ ਕੀਤੀ ਗਈ ਹੈ। ਇਸ ਤੋਂ ਇਲਾਵਾ ਗੜਬੜੀ ਕਰਨ ਦੀ ਸੰਭਾਵਨਾ ਵਾਲੇ 2406 ਵਿਅਕਤੀਆਂ ਦੀ ਸ਼ਨਾਖਤ ਵੀ ਕੀਤੀ ਗਈ ਹੈ, ਜਿਨਾਂ ਵਿੱਚੋਂ 1322 ਵਿਅਕਤੀਆਂ ਵਿਰੁੱਧ ਪਹਿਲਾਂ ਹੀ ਕਾਰਵਾਈ ਵਿੱਢੀ ਜਾ ਚੁੱਕੀ ਹੈ ਜਦਕਿ ਬਾਕੀਆਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਸੁਰੱਖਿਆ ਦੇ ਨਜ਼ਰੀਏ ਤੋਂ ਸੀਆਰਪੀਸੀ ਐਕਟ ਦੀਆਂ ਰੋਕਥਾਮ ਸਬੰਧੀ ਧਾਰਾਵਾਂ ਤਹਿਤ 244 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਗੈਰ ਜ਼ਮਾਨਤੀ ਵਾਰੰਟਾਂ ਦੇ 2294 ਕੇਸਾਂ ‘ਤੇ ਕਾਰਵਾਈ ਕੀਤੀ ਜਾ ਚੁੱਕੀ ਹੈ ਜਦਕਿ 192 ਕੇਸਾਂ ‘ਤੇ ਕਾਰਵਾਈ ਅਮਲ ਅਧੀਨ ਹੈ। ਉਹਨਾਂ ਅੱਗੇ ਕਿਹਾ ਕਿ ਸੂਬੇ ਭਰ ਵਿਚ 7699 ਨਾਕੇ ਲਾਏ ਗਏ ਹਨ। ਡਾ. ਰਾਜੂ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸੂਬੇ ਵਿੱਚ ਕੁੱਲ 3,90,275 ਲਾਇਸੈਂਸੀ ਹਥਿਆਰਾਂ ਵਿਚੋਂ ਹੁਣ ਤਕ 3,63,907 ਹਥਿਆਰ ਜਮ੍ਹਾਂ ਕਰਵਾਏ ਜਾ ਚੁੱਕੇ ਹਨ।
ਜੋ ਕਿ 93.72 ਫ਼ੀਸਦ ਬਣਦੇ ਹਨ। ਜਦਕਿ, ਸੂਬੇ ਵਿੱਚ 35 ਬਿਨਾਂ ਲਾਇਸੈਂਸ ਵਾਲੇ ਹਥਿਆਰ ਜ਼ਬਤ ਕੀਤੇ ਗਏ ਹਨ। ਇਸ ਤੋਂ ਇਲਾਵਾ ਐਮ.ਸੀ.ਸੀ. ਟੀਮਾਂ ਨੇ ਸਰਕਾਰੀ ਥਾਵਾਂ ਤੋਂ 15,658 ਅਤੇ ਨਿੱਜੀ ਥਾਵਾਂ ਤੋਂ 7404 ਬੈਨਰ, ਪੋਸਟਰ ਅਤੇ ਦਿਵਾਰੀ ਇਸ਼ਤਿਹਾਰ ਵੀ ਹਟਾਏ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904