ਅੰਮ੍ਰਿਤਸਰ : ਪੰਜਾਬ ਵਿਧਾਨ ਸਭਾ ਚੋਣਾਂ ਜੋ ਕਿ 20 ਫਰਵਰੀ ਨੂੰ ਹੋਣ ਜਾ ਰਹੀਆਂ ਹਨ ਦੇ ਮੱਦੇਨਜ਼ਰ ਸੂਬਾ ਸਰਕਾਰ ਵਲੋਂ 20 ਫਰਵਰੀ 2022 ਐਤਵਾਰ ਨੂੰ ਵੋਟਾਂ ਵਾਲੇ ਦਿਨ ਤਨਖਾਹ ਸਮੇਤ ਛੁੱਟੀ (ਪੇਡ ਹਾਲੀਡੇ) ਦਾ ਐਲਾਨ ਕੀਤਾ ਗਿਆ ਹੈ। 

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਚੋਣ ਅਫ਼ਸਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ 20 ਫਰਵਰੀ ਨੂੰ ਜਿਲ੍ਹੇ ਵਿੱਚ ਕਿਸੇ ਵੀ ਕਾਰੋਬਾਰ, ਵਪਾਰ, ਉਦਯੋਗਿਕ ਅਦਾਰਾ ਜਾਂ ਕਿਸੇ ਹੋਰ ਅਦਾਰੇ ਵਿੱਚ ਕੰਮ ਕਰਦੇ ਸਾਰੇ ਵਿਅਕਤੀ, ਚੋਣਾਂ ਵਾਲੇ ਦਿਨ ਭਾਵ 20 ਫਰਵਰੀ 2022 ਨੂੰ ਵੋਟ ਪਾਉਣ ਲਈ ਤਨਖਾਹ ਸਮੇਤ ਛੁੱਟੀ ਦੇ ਹੱਕਦਾਰ ਹੋਣਗੇ। ਉਨਾਂ ਦੱਸਿਆ ਕਿ 20 ਫਰਵਰੀ ਨੂੰ ਵੋਟਿੰਗ ਹੋ ਜਾ ਰਹੀ ਹੈ। ਜਿਸ ਦਾ ਨਤੀਜਾ 10 ਮਾਰਚ 2022 ਨੂੰ ਐਲਾਨਿਆ ਜਾਵੇਗਾ।

 

ਦੱਸ ਦੇਈਏ ਕਿ ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਵਾਸਤੇ 20 ਫਰਵਰੀ, 2022 ਨੂੰ ਹੋਣ ਵਾਲੀਆਂ ਚੋਣਾਂ ਲਈ 1304 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ ਦੋ ਟਰਾਂਸਜੈਂਡਰ ਅਤੇ 93 ਔਰਤਾਂ ਹਨ, ਜਦਕਿ 1209 ਉਮੀਦਵਾਰ ਪੁਰਸ਼ ਹਨ। ਇਹ ਜਾਣਕਾਰੀ ਵੀਰਵਾਰ ਨੂੰ ਮੁੱਖ ਚੋਣ ਅਫ਼ਸਰ (ਸੀ.ਈ.ਓ.) ਡਾ. ਐੱਸ ਕਰੁਣਾ ਰਾਜੂ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਸਾਰੇ ਉਮੀਦਵਾਰਾਂ ਵਿੱਚੋਂ 9 ਉਮੀਦਵਾਰ 25 ਸਾਲ ਦੀ ਉਮਰ ਦੇ ਹਨ ਅਤੇ ਛੇ ਉਮੀਦਵਾਰ 80 ਸਾਲ ਤੋਂ ਵੱਧ ਉਮਰ ਦੇ ਹਨ, ਜਿਨ੍ਹਾਂ ਵਿੱਚੋਂ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਲੰਬੀ (83 ਨੰਬਰ) ਤੋਂ ਸਭ ਤੋਂ ਵਡੇਰੀ ਉਮਰ (94 ਸਾਲ) ਦੇ ਉਮੀਦਵਾਰ ਚੋਣ ਲੜ ਰਹੇ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਰਾਜ ਵਿੱਚ ਕੁੱਲ 21499804 ਰਜਿਸਟਰਡ ਵੋਟਰ ਹਨ, ਜਿਨ੍ਹਾਂ ਵਿੱਚੋਂ 11298081 ਪੁਰਸ਼, 10200996 ਇਸਤਰੀਆਂ, 727 ਟਰਾਂਸਜੈਂਡਰ , 158341 ਦਿਵਿਆਂਗ ਵੋਟਰ, 109624 ਸਰਵਿਸ ਵੋਟਰ, 1608 ਪਰਵਾਸੀ ਵੋਟਰ ਅਤੇ 80 ਸਾਲ ਤੋਂ ਵੱਧ ਉਮਰ ਦੇ 509205 ਵੋਟਰ ਹਨ।