PSPCL selling electricity to Mumbai: ਪੰਜਾਬ ਵਿੱਚ ਬਿਜਲੀ ਦੇ ਲੱਗਦੇ ਕੱਟਾਂ ਦੇ ਬਾਵਜੂਦ ਮਾਨ ਸਰਕਾਰ ਦਾਅਵਾ ਕਰ ਰਹੀ ਹੈ ਕਿ ਉਹਨਾਂ ਤੋਂ ਵਾਧੂ ਦੀ ਬਿਜਲੀ ਹੈ ਅਤੇ ਉਹਨਾਂ ਦਾ ਬਿਜਲੀ ਵਿਭਾਗ ਪੀਐਸਪੀਸੀਐਲ ਮੁੰਬਈ ਨੂੰ ਬਿਜਲੀ ਵੇਚ ਰਿਹਾ ਹੈ। ਇਹ ਦਾਅਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਵਿੱਚ ਕੀਤਾ। 


ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਗੁਰਦਾਸਪੁਰ ਵਿੱਚ ਆਪਣੇ ਉਮੀਦਵਾਰ ਸ਼ੈਰੀ ਕਲਸ਼ੀ ਦੇ ਹੱਕ ਵਿੱਚ ਪ੍ਰਚਾਰ ਕਰਨ ਦੇ ਲਈ ਪਹੁੰਚੇ ਸਨ। ਗੁਰਦਾਸਪੁਰ 'ਚ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ਼ੈਰੀ ਕਲਸੀ ਲਈ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਮਾਨ ਨੇ ਅਕਾਲੀ ਅਤੇ ਕਾਂਗਰਸੀ ਆਗੂਆਂ 'ਤੇ ਨਿਸ਼ਾਨਾ ਸਾਧਿਆ ਅਤੇ ਗੁਰਦਾਸਪੁਰ ਦੇ ਪਿਛਲੇ ਸੰਸਦ ਮੈਂਬਰਾਂ ਵੱਲੋਂ ਇਸ ਸੀਟ ਨੂੰ ਜਿੱਤਣ ਤੋਂ ਬਾਅਦ ਨਜ਼ਰਅੰਦਾਜ਼ ਕਰਨ 'ਤੇ ਵੀ ਅਫ਼ਸੋਸ ਜਤਾਇਆ।


ਰੈਲੀ ਗਰਾਊਂਡ ਵਿੱਚ ਪਹੁੰਚਣ ਤੋਂ ਪਹਿਲਾਂ ਮਾਨ ਨੇ ਗੁਰਦਾਸਪੁਰ ਦੇ ਇਤਿਹਾਸਕ ਹਨੂੰਮਾਨ ਮੰਦਰ ਵਿੱਚ ਮੱਥਾ ਟੇਕਿਆ ਅਤੇ ਪੰਜਾਬ ਤੇ ਪੰਜਾਬੀਆਂ ਦੀ ਖੁਸ਼ਹਾਲੀ ਤੇ ਤਰੱਕੀ ਲਈ ਪ੍ਰਾਰਥਨਾ ਕੀਤੀ।


ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਕਿਸਾਨਾਂ ਨੂੰ 8 ਘੰਟੇ ਬਿਜਲੀ ਮਿਲਦੀ ਸੀ, ਉਸ ਵਿਚ ਵੀ ਜ਼ਿਆਦਾ ਸਮਾਂ ਬਿਜਲੀ ਕੱਟ ਲੱਗਦੇ ਸੀ, ਕਿਉਂਕਿ ਸਾਡੇ ਸਿਆਸਤਦਾਨਾਂ ਨੂੰ ਖੇਤੀ ਬਾਰੇ ਕੁਝ ਵੀ ਪਤਾ ਨਹੀਂ ਹੁੰਦਾ ਸੀ। ਜਦੋਂ ਸਾਡੀ ਸਰਕਾਰ ਬਣੀ ਤਾਂ ਮੈਂ ਅਧਿਕਾਰੀਆਂ ਦੀ ਮੀਟਿੰਗ ਬੁਲਾ ਕੇ ਕਿਸਾਨਾਂ ਨੂੰ 11 ਘੰਟੇ ਨਿਰਵਿਘਨ ਬਿਜਲੀ ਦੇਣ ਦੀ ਹਿਦਾਇਤ ਕੀਤੀ ਅਤੇ ਉਹ ਵੀ ਦਿਨ ਦੇ ਸਮੇਂ ਤਾਂ ਜੋ ਉਹ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਆਪਣੀਆਂ ਫ਼ਸਲਾਂ ਨੂੰ ਪਾਣੀ ਦੇ ਸਕਣ। 


ਭਗਵੰਤ ਮਾਨ ਨੇ ਕਿਹਾ ਕਿ ਦਿਨ ਦੇ ਸਮੇਂ ਅਸੀਂ ਖੇਤੀਬਾੜੀ ਲਈ ਬਿਜਲੀ ਦਿੰਦੇ ਹਾਂ ਅਤੇ ਰਾਤ ਨੂੰ ਵਾਧੂ ਬਿਜਲੀ ਮੁੰਬਈ ਵਰਗੇ ਵੱਡੇ ਸ਼ਹਿਰਾਂ ਨੂੰ ਵੇਚਦੇ ਹਾਂ। ਮਾਨ ਨੇ ਕਿਹਾ ਕਿ ਪੀਐਸਪੀਸੀਐਲ ਨੇ ਬਿਜਲੀ ਵੇਚ ਕੇ 90 ਕਰੋੜ ਰੁਪਏ ਕਮਾਏ ਹਨ। ਇਹ ਸਿਰਫ਼ ਇਸ ਲਈ ਸੰਭਵ ਹੋਇਆ ਕਿਉਂਕਿ ਸਾਡੇ ਕੋਲ ਹੁਣ ਤਿੰਨ ਥਰਮਲ ਪਲਾਂਟ ਹਨ ਅਤੇ ਝਾਰਖੰਡ ਵਿੱਚ ਕੋਲੇ ਦੀ ਖਾਣ ਹੈ। 


ਉਨ੍ਹਾਂ ਕਿਹਾ ਕਿ ਖੇਤਾਂ ਵਿੱਚ ਅੱਗ ਲੱਗਣ ਦੀਆਂ ਕੁਝ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਹਨ, ਜਿਸ ਕਾਰਨ ਬਿਜਲੀ ਦੇ ਕੱਟ ਲਗਾਏ ਜਾ ਰਹੇ ਹਨ, ਪਰੰਤੂ ਤੁਸੀਂ ਚਿੰਤਾ ਨਾ ਕਰੋ ਤੁਹਾਡੀ ਸਰਕਾਰ ਤੁਹਾਡੇ ਹੋਏ ਹਰ ਇਕ ਨੁਕਸਾਨ ਦੀ ਭਰਪਾਈ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰਾਂ ਤੁਹਾਡੇ ਘਰਾਂ ਦੇ ਚੁੱਲ੍ਹੇ ਦੀ ਅੱਗ ਜਗਾਉਣ ਅਤੇ ਤੁਹਾਡੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਲਈ ਹੀ ਬਣੀ ਹਨ।