ਦਿਨਾਨਗਰ ਪੁਲਿਸ ਨੂੰ 23 ਅਗਸਤ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਦੋ ਵਿਅਕਤੀਆਂ ਕੋਲੋਂ ਲੱਖਾਂ ਰੁਪਏ ਦੀ ਨਕਲੀ ਭਾਰਤੀ ਕਰੰਸੀ ਬਰਾਮਦ ਕੀਤੀ ਹੈ। ਇਸ ਬਾਰੇ ਪ੍ਰੈਸ ਕਾਨਫਰੰਸ ਦੌਰਾਨ ਡੀਐਸਪੀ ਦਿਨਾਨਗਰ ਰਜਿੰਦਰ ਸਿੰਘ ਮਿਨਹਾਸ ਨੇ ਦੱਸਿਆ ਕਿ ਪੁਲਿਸ ਨੂੰ ਸੁਨੀਲ ਕੁਮਾਰ, ਨਿਵਾਸੀ ਤਾਲਾਬਪੁਰ ਪੰਡੋਰੀ, ਨੇ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਦੇ ਇਲਾਕੇ ਵਿੱਚ ਠੇਕੇਦਾਰ ਕਮਲਦੀਪ ਸਿੰਘ, ਪੁੱਤਰ ਮੋਹਨ ਸਿੰਘ, ਨਿਵਾਸੀ ਸੰਤਨਗਰ, ਥਾਣਾ ਸਿਟੀ ਗੁਰਦਾਸਪੁਰ, ਨਕਲੀ ਭਾਰਤੀ ਕਰੰਸੀ ਦਾ ਇਸਤੇਮਾਲ ਕਰ ਰਿਹਾ ਹੈ।

ਪੁਲਿਸ ਕਰ ਰਹੀ ਜਾਂਚ

ਇਸ ‘ਤੇ ਕਾਰਵਾਈ ਕਰਦਿਆਂ ਥਾਣਾ ਦੋਰਾਂਗਲਾ ਪੁਲਿਸ ਟੀਮ ਨੇ ਮੁਲਜ਼ਮ ਕਮਲਦੀਪ ਸਿੰਘ ਨੂੰ ਕਾਬੂ ਕਰਕੇ ਉਸਦੇ ਕੋਲੋਂ 7 ਨਕਲੀ 500 ਰੁਪਏ ਦੇ ਨੋਟ (ਲਗਭਗ 3,500 ਰੁਪਏ) ਬਰਾਮਦ ਕੀਤੇ। ਸਖ਼ਤ ਪੁੱਛਗਿੱਛ ਤੋਂ ਬਾਅਦ ਉਸਦੇ ਪਿੱਛੇ ਦੇ ਲਿੰਕ ਦੀ ਜਾਂਚ ਕੀਤੀ ਗਈ। ਇਸ ਤੋਂ ਬਾਅਦ ਮੁਲਜ਼ਮ ਨਿਰਮਲ ਸਿੰਘ, ਪੁੱਤਰ ਦਿਆਲ ਸਿੰਘ, ਨਿਵਾਸੀ ਬਸੰਤਕੋਟ, ਥਾਣਾ ਕੋਟਲੀ ਸੂਰਤ ਮੱਲੀਆਂ, ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸਦੇ ਕੋਲੋਂ 400 ਨਕਲੀ 500 ਰੁਪਏ ਦੇ ਨੋਟ (ਲਗਭਗ 2 ਲੱਖ ਰੁਪਏ) ਬਰਾਮਦ ਹੋਏ। ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਹਾਹਾਕਾਰ ਮੱਚ ਗਈ।ਡੀਐਸਪੀ ਨੇ ਦੱਸਿਆ ਕਿ ਦੋਵਾਂ ਦਾ ਪੁਲਿਸ ਰਿਮਾਂਡ ਲੈ ਕੇ ਸਖ਼ਤ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਖੁਲਾਸੇ ਹੋ ਸਕਦੇ ਹਨ। ਇਨ੍ਹਾਂ ਖ਼ਿਲਾਫ਼ ਥਾਣਾ ਦੋਰਾਂਗਲਾ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਨਕਲੀ ਕਰੰਸੀ ਦੇ ਨੁਕਸਾਨ

ਨਕਲੀ ਕਰੰਸੀ ਦੇ ਨੁਕਸਾਨ ਬਹੁਤ ਗੰਭੀਰ ਹੁੰਦੇ ਹਨ ਕਿਉਂਕਿ ਇਹ ਸਿੱਧਾ ਦੇਸ਼ ਦੀ ਅਰਥਵਿਵਸਥਾ ਅਤੇ ਆਮ ਲੋਕਾਂ ਦੇ ਭਰੋਸੇ ਨੂੰ ਝਟਕਾ ਦਿੰਦੀ ਹੈ। ਨਕਲੀ ਨੋਟ ਮਾਰਕੀਟ ਵਿੱਚ ਆ ਜਾਣ ਕਾਰਨ ਅਸਲੀ ਕਰੰਸੀ ਦੀ ਕੀਮਤ ਘੱਟ ਹੋ ਸਕਦੀ ਹੈ ਅਤੇ ਮਹਿੰਗਾਈ ਵਧਣ ਦਾ ਖ਼ਤਰਾ ਬਣਦਾ ਹੈ। ਲੋਕ ਅਣਜਾਣੇ ਵਿੱਚ ਨਕਲੀ ਨੋਟ ਲੈ ਲੈਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ ਕਿਉਂਕਿ ਬੈਂਕ ਜਾਂ ਸਰਕਾਰ ਅਜਿਹੀ ਕਰੰਸੀ ਕਬੂਲ ਨਹੀਂ ਕਰਦੀ।

ਨਕਲੀ ਕਰੰਸੀ ਦੇ ਜ਼ਰੀਏ ਅਕਸਰ ਗੈਰਕਾਨੂੰਨੀ ਕੰਮਾਂ ਨੂੰ ਵਾਧਾ ਮਿਲਦਾ ਹੈ, ਜਿਸ ਨਾਲ ਅਪਰਾਧ ਅਤੇ ਭ੍ਰਿਸ਼ਟਾਚਾਰ ਵਿੱਚ ਵੀ ਵਾਧਾ ਹੁੰਦਾ ਹੈ। ਇਸ ਤਰ੍ਹਾਂ, ਨਕਲੀ ਕਰੰਸੀ ਨਾ ਸਿਰਫ਼ ਲੋਕਾਂ ਦੀ ਜੇਬ ‘ਤੇ ਭਾਰ ਬਣਦੀ ਹੈ, ਸਗੋਂ ਦੇਸ਼ ਦੀ ਆਰਥਿਕ ਸੁਰੱਖਿਆ ਲਈ ਵੀ ਵੱਡਾ ਖ਼ਤਰਾ ਹੈ।