Farmers Protest: ਡੱਲੇਵਾਲ ਦੀ ਕਿਡਨੀ ਫੇਲ੍ਹ ਹੋਣ ਦਾ ਖਤਰਾ! ਮਰਨ ਵਰਤ ਤੁੜਵਾਉਣ ਲਈ ਹਾਈਕੋਰਟ ਕੋਲ ਪਹੁੰਚ, ਹਰਿਆਣਾ ਸਰਕਾਰ ਵੀ ਐਕਟਿਵ
Farmers Protest: ਪੰਜਾਬ-ਹਰਿਆਣਾ ਦੇ ਖਨੌਰੀ ਬਾਰਡਰ 'ਤੇ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਡੱਲੇਵਾਲ ਦੀ ਹਾਲਤ ਗੰਭੀਰ ਹੋਣ ਲੱਗੀ ਹੈ। ਉਨ੍ਹਾਂ ਦੀ ਕਿਡਨੀ ਫੇਲ੍ਹ ਹੋਣ ਦਾ ਖਤਰਾ ਹੈ।
Farmers Protest: ਪੰਜਾਬ-ਹਰਿਆਣਾ ਦੇ ਖਨੌਰੀ ਬਾਰਡਰ 'ਤੇ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਡੱਲੇਵਾਲ ਦੀ ਹਾਲਤ ਗੰਭੀਰ ਹੋਣ ਲੱਗੀ ਹੈ। ਉਨ੍ਹਾਂ ਦੀ ਕਿਡਨੀ ਫੇਲ੍ਹ ਹੋਣ ਦਾ ਖਤਰਾ ਹੈ। ਡੱਲੇਵਾਲ ਦਾ ਮਰਨ ਵਰਤ ਖੁੱਲ੍ਹਵਾਉਣ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਐਡਵੋਕੇਟ ਵਾਸੂ ਰੰਜਨ ਸ਼ਾਂਡਿਲਿਆ ਨੇ ਪਟੀਸ਼ਨ 'ਚ ਕਿਹਾ ਹੈ ਕਿ ਡੱਲੇਵਾਲ ਦੀ ਹਾਲਤ ਨਾਜ਼ੁਕ ਹੈ। ਇਸ ਪਟੀਸ਼ਨ ਦੀ ਅੱਜ ਸੁਣਵਾਈ ਹੋ ਸਕਦੀ ਹੈ।
ਦੱਸ ਦਈਏ ਕਿ ਡੱਲੇਵਾਲ ਦੇ ਮਰਨ ਵਰਤ ਦਾ ਅੱਜ ਸ਼ੁੱਕਰਵਾਰ 18ਵਾਂ ਦਿਨ ਹੈ। ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ। ਡੱਲੇਵਾਲ ਕੈਂਸਰ ਦੇ ਵੀ ਮਰੀਜ਼ ਹਨ। ਵੀਰਵਾਰ ਨੂੰ ਅਮਰੀਕਾ ਤੋਂ ਆਏ ਕੈਂਸਰ ਮਾਹਿਰਾਂ ਤੇ ਸਰਕਾਰੀ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦੀ ਜਾਂਚ ਕੀਤੀ। ਡਾਕਟਰਾਂ ਨੇ ਕਿਹਾ ਹੈ ਕਿ ਡੱਲੇਵਾਲ ਦੀ ਹਾਲਤ ਨਾਜ਼ੁਕ ਹੈ। ਉਨ੍ਹਾਂ ਦਾ ਵਜ਼ਨ ਕਰੀਬ 12 ਕਿਲੋ ਘਟ ਗਿਆ ਹੈ। ਕਿਡਨੀ ਦੇ ਨੁਕਸਾਨ ਦਾ ਖਤਰਾ ਹੈ। ਇਸ ਤੋਂ ਇਲਾਵਾ ਉ ਦੇ ਲੀਵਰ ਨਾਲ ਵੀ ਸਮੱਸਿਆ ਹੋ ਸਕਦੀ ਹੈ।
ਇਸ ਦੇ ਨਾਲ ਹੀ ਡੱਲੇਵਾਲ ਦੇ ਮਰਨ ਵਰਤ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਕੋਈ ਗੱਲ ਨਾ ਕੀਤੇ ਜਾਣ ਕਾਰਨ ਹੁਣ ਸਾਂਝਾ ਕਿਸਾਨ ਮੋਰਚਾ (ਐਸਕੇਐਮ) ਵੀ ਸਰਗਰਮ ਹੋ ਗਿਆ ਹੈ। ਐਸਕੇਐਮ ਆਗੂ ਰਾਕੇਸ਼ ਟਿਕੈਤ ਤੇ ਹਰਿੰਦਰ ਲੱਖੋਵਾਲ ਅੱਜ ਸ਼ੁੱਕਰਵਾਰ ਨੂੰ ਡੱਲੇਵਾਲ ਦਾ ਪਤਾ ਲੈਣ ਲਈ ਖਨੌਰੀ ਸਰਹੱਦ ਪਹੁੰਚਣਗੇ। ਇਸ ਦੌਰਾਨ ਤੀਜੀ ਵਾਰ ਕਿਸਾਨਾਂ ਦੇ ਦਿੱਲੀ ਮਾਰਚ ਨੂੰ ਲੈ ਕੇ ਵੱਡੀ ਰਣਨੀਤੀ ਬਣਾਈ ਜਾ ਸਕਦੀ ਹੈ।
ਦੱਸ ਦਈਏ ਕਿ ਅੱਜ (13 ਦਸੰਬਰ) ਨੂੰ ਸ਼ੰਭੂ ਤੇ ਖਨੌਰੀ ਸਰਹੱਦ 'ਤੇ ਕਿਸਾਨਾਂ ਦੇ ਅੰਦੋਲਨ ਨੂੰ 10 ਮਹੀਨੇ ਹੋ ਗਏ ਹਨ। ਇਸ ਸਬੰਧੀ ਕਿਸਾਨ ਖਨੌਰੀ ਬਾਰਡਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੇ ਪੁਤਲੇ ਫੂਕਣਗੇ।
ਉਧਰ, ਅੰਬਾਲਾ ਦੇ ਡੀਸੀ ਨੇ ਸੰਗਰੂਰ ਦੇ ਡੀਸੀ ਨੂੰ ਪੱਤਰ ਲਿਖ ਕੇ ਡੱਲੇਵਾਲ ਦੇ ਮਰਨ ਵਰਤ ਕਾਰਨ ਅੰਬਾਲਾ ਵਿੱਚ ਅਮਨ-ਕਾਨੂੰਨ ਦੀ ਸਥਿਤੀ ਵਿਗੜਨ ਦਾ ਖਦਸ਼ਾ ਜਤਾਇਆ ਹੈ। ਅੰਬਾਲਾ ਦੇ ਡੀਸੀ ਨੇ ਡੱਲੇਵਾਲ ਨੂੰ ਮੈਡੀਕਲ ਸਹੂਲਤਾਂ ਦੇਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜਗਜੀਤ ਡੱਲੇਵਾਲ ਦਾ ਭਾਰ ਘੱਟ ਗਿਆ ਹੈ। ਇਸ ਤੋਂ ਬਾਅਦ ਕਿਸਾਨ ਆਗੂਆਂ ਨੇ ਪ੍ਰੈੱਸ ਕਾਨਫਰੰਸ ਤੇ ਹੋਰ ਮਾਧਿਅਮਾਂ ਰਾਹੀਂ ਵੱਧ ਤੋਂ ਵੱਧ ਲੋਕਾਂ ਨੂੰ ਦਿੱਲੀ ਕੂਚ ਕਰਨ ਤੇ ਡੱਲੇਵਾਲ ਦੀ ਸਿਹਤਯਾਬੀ ਲਈ ਅਰਦਾਸ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਮੱਦੇਨਜ਼ਰ ਡੱਲੇਵਾਲ ਨੂੰ ਢੁੱਕਵੀਂ ਮੈਡੀਕਲ ਸਹੂਲਤ ਮੁਹੱਈਆ ਕਰਵਾਉਣ ਤੇ ਲੋੜੀਂਦੀ ਕਾਰਵਾਈ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ ਤਾਂ ਜੋ ਸ਼ੰਭੂ ਬਾਰਡਰ 'ਤੇ ਚੱਲ ਰਹੀ ਆਵਾਜਾਈ 'ਤੇ ਕੋਈ ਮਾੜਾ ਪ੍ਰਭਾਵ ਨਾ ਪਵੇ ਤੇ ਅੰਬਾਲਾ 'ਚ ਅਮਨ-ਕਾਨੂੰਨ ਦੀ ਸਥਿਤੀ ਬਣੀ ਰਹੇ।