ਖੰਨਾ/ਮੋਗਾ: ਖੰਨਾ ਵਿੱਚ ਕਿਸਾਨਾਂ ਵਲੋਂ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਜਾਮ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਨੂੰ ਮੰਡੀ ਆੜਤੀਆਂ, ਮੁੰਸ਼ੀ ਯੂਨੀਅਨ ਅਤੇ ਮਜ਼ਦੂਰਾਂ ਦਾ ਸਾਥ ਮਿਲਿਆ। ਇਸ ਦੇ ਨਾਲ ਹੀ ਇਸ ਮੌਕੇ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਵੀ ਧਰਨੇ ਵਿੱਚ ਪਹੁੰਚੇ।


ਇਸ ਦੌਰਾਨ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਅਤੇ ਅਮ੍ਰਿਤ ਬੈਨੀਪਾਲ ਨੇ ਕਿਹਾ ਕਿ ਪੰਜਾਬ ਵਿੱਚ ਕਿਸਾਨ ਅਨਾਜ ਪੈਦਾ ਕਰਨ ਲਈ ਸਖ਼ਤ ਮਿਹਨਤ ਕਰਦਾ ਹੈ ਤੇ ਹੁਣ ਇਸ ਵਿਰੁੱਧ ਆਰਡੀਨੈਂਸ ਲੈ ਕੇ ਕਿਸਾਨ ਮਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ 2 ਘੰਟੇ ਸੜਕ ਜਾਮ ਕਰ ਰਹੇ ਹਾਂ। ਇਸ ਵਿਰੋਧ ਵਿੱਚ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਪਹੁੰਚਣ ‘ਤੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਉਹ ਧਰਨੇ ਨੂੰ ਹਾਈਜੈਕ ਕਰਨ ਨਹੀਂ ਆਏ ਅਤੇ ਮੈਨੂੰ ਲਗਦਾ ਹੈ ਕਿ ਉਨ੍ਹਾਂ ਨੂੰ ਕੁਝ ਨਹੀਂ ਪਤਾ, ਉਹ ਇੰਜ ਹੀ ਇੱਥੇ ਆ ਗਏ ਸੀ।

ਉਧਰ ਇਸ ਬਾਰੇ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਆਰਡੀਨੈਂਸ ਲਿਆਂਦਾ ਜਾ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਦੇ ਨਾਲ ਹੀ ਰਾਜੇਵਾਲ ਵਲੋਂ ਕਿਸਾਨ ਅੰਦੋਲਨ ਵਿੱਚ ਰਾਜਨੀਤੀ ਨਾ ਕਰਨ ਦੀ ਅਪੀਲ ‘ਤੇ ਕੋਟਲੀ ਨੇ ਕਿਹਾ ਕਿ ਇਹ ਕਿਸਾਨਾਂ ਦਾ ਮੁੱਦਾ ਹੈ, ਇੱਥੇ ਕੋਈ ਰਾਜਨੀਤੀ ਨਹੀਂ ਹੋ ਰਹੀ, ਅਸੀਂ ਕਿਸਾਨਾਂ ਦਾ ਸਮਰਥਨ ਕਰਨ ਆਏ ਹਾਂ।



ਦੂਜੇ ਪਾਸੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕਸਬਾ ਤਲਵੰਡੀ ਚੌਕ ਵਿੱਚ ਵੀ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ਕੀਤਾ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ। ਤਲਵੰਡੀ ਤੋਂ ਅੰਮ੍ਰਿਤਸਰ ਜਾਣ ਵਾਲੇ ਰਾਹ ਅਤੇ ਫ਼ਰੀਦਕੋਟ ਜਾਣ ਵਾਲੇ ਨੈਸ਼ਨਲ ਹਾਈਵੇ ਨੂੰ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਕੀਤਾ ਗਿਆ।

ਇਸ ਧਰਨੇ ਵਿੱਚ ਕਿਸਾਨ ਜਥੇਬੰਦੀਆਂ ਨਾਲ ਆੜ੍ਹਤੀ ਵੀ ਸ਼ਾਮਿਲ ਹੋਏ ਅਤੇ ਦੋ ਘੰਟੇ ਉਨ੍ਹਾਂ ਨੈਸ਼ਨਲ ਹਾਈਵੇ ਨੂੰ ਬੰਦ ਕਰਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਜਥੇਬੰਦੀਆਂ ਵੱਲੋਂ ਮੰਗ ਕੀਤੀ ਗਈ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਪਾਸ ਕੀਤਾ ਗਿੱਲ ਬਿੱਲ ਵਾਪਸ ਨਾ ਦਿੱਤਾ ਤਾਂ ਉਨ੍ਹਾਂ ਦਾ ਸੰਘਰਸ਼ ਹੋਰ ਤਿੱਖਾ ਹੋਵੇਗਾ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904