Punjab Farmers: ਪੰਜਾਬ ਵਿੱਚ ਕਿਸਾਨ ਇੱਕ ਵਾਰ ਫਿਰ ਵੱਡਾ ਅੰਦੋਲਨ ਕਰਨ ਜਾ ਰਹੇ ਹਨ। ਜਾਣਕਾਰੀ ਮੁਤਾਬਕ ਕਿ ਸ਼ੰਭੂ ਅਤੇ ਖਨੌਰੀ ਸਰਹੱਦਾਂ 'ਤੇ ਕਿਸਾਨ ਸੰਗਠਨਾਂ ਨੇ ਆਉਣ ਵਾਲੇ ਦਿਨਾਂ ਲਈ ਵੱਡੇ ਵਿਰੋਧ ਪ੍ਰਦਰਸ਼ਨਾਂ ਦਾ ਐਲਾਨ ਕੀਤਾ ਹੈ।
ਕਿਸਾਨ ਆਗੂਆਂ ਨੇ ਸਾਫ ਕਹਿ ਦਿੱਤਾ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਦਾ ਜਲਦੀ ਹੱਲ ਨਹੀਂ ਕੀਤਾ ਤਾਂ ਵਿਰੋਧ ਹੋਰ ਤੇਜ਼ ਹੋ ਜਾਵੇਗਾ। ਉਨ੍ਹਾਂ ਕਿਹਾ ਕਿ 27 ਨਵੰਬਰ ਨੂੰ ਜਲੰਧਰ ਵਿੱਚ ਰਾਸ਼ਟਰੀ ਰਾਜਮਾਰਗ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਜਾਵੇਗਾ। ਇਹ ਕਦਮ ਕਿਸਾਨਾਂ ਦੀਆਂ ਸਮੱਸਿਆਵਾਂ ਵੱਲ ਸਰਕਾਰ ਦਾ ਧਿਆਨ ਖਿੱਚਣ ਲਈ ਚੁੱਕਿਆ ਜਾ ਰਿਹਾ ਹੈ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਈ ਵਾਰ ਸ਼ਾਂਤੀਪੂਰਵਕ ਢੰਗ ਨਾਲ ਆਪਣੀਆਂ ਮੰਗਾਂ ਰੱਖੀਆਂ, ਪਰ ਸਰਕਾਰ ਨੇ ਕੋਈ ਠੋਸ ਕਦਮ ਨਹੀਂ ਚੁੱਕਿਆ, ਜਿਸ ਕਾਰਨ ਉਨ੍ਹਾਂ ਨੂੰ ਆਪਣੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਸੜਕਾਂ 'ਤੇ ਉਤਰਨਾ ਪਵੇਗਾ।
5 ਦਸੰਬਰ ਨੂੰ ਰੋਕੀਆਂ ਜਾਣਗੀਆਂ ਰੇਲਾਂ
ਇਸ ਦੌਰਾਨ, ਕਿਸਾਨ ਸੰਗਠਨਾਂ ਨੇ 5 ਦਸੰਬਰ ਨੂੰ ਪੂਰੇ ਪੰਜਾਬ ਵਿੱਚ ਦੋ ਘੰਟੇ ਲਈ ਰੇਲ ਗੱਡੀਆਂ ਰੋਕਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਕਿਸਾਨ ਸੂਬੇ ਭਰ ਦੇ ਰੇਲਵੇ ਸਟੇਸ਼ਨਾਂ 'ਤੇ ਵਿਰੋਧ ਪ੍ਰਦਰਸ਼ਨ ਕਰਨਗੇ। ਆਗੂਆਂ ਨੇ ਕਿਹਾ ਕਿ ਇਹ "ਰੇਲ ਰੋਕੋ" (Rail Roko) ਦੀ ਚੇਤਾਵਨੀ ਦਾ ਪਹਿਲਾ ਪੜਾਅ ਹੈ ਤਾਂ ਜੋ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲੈਣ ਲਈ ਮਜਬੂਰ ਕੀਤਾ ਜਾ ਸਕੇ।
ਕਿਸਾਨਾਂ ਨੇ ਐਲਾਨ ਕੀਤਾ ਕਿ ਉਹ 17 ਅਤੇ 18 ਦਸੰਬਰ ਨੂੰ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰਾਂ ਦੇ ਬਾਹਰ ਸਥਾਈ ਧਰਨਾ ਦੇਣਗੇ। ਕਿਸਾਨ ਆਗੂਆਂ ਨੇ ਸਪੱਸ਼ਟ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ 18 ਦਸੰਬਰ ਤੱਕ ਪੂਰੀਆਂ ਨਹੀਂ ਕੀਤੀਆਂ ਗਈਆਂ, ਤਾਂ ਉਹ 19 ਦਸੰਬਰ ਤੋਂ ਰਾਜ ਵਿਆਪੀ "ਰੇਲ ਰੋਕੋ" ਅੰਦੋਲਨ ਸ਼ੁਰੂ ਕਰਨਗੇ। ਇਹ ਕਾਰਵਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰਦੀ। ਕਿਸਾਨਾਂ ਨੇ ਕਿਹਾ ਕਿ ਉਹ ਬਿਜਲੀ ਸੋਧ ਬਿੱਲ 2025 ਦੇ ਨਾਲ-ਨਾਲ ਕਈ ਹੋਰ ਮੁੱਦਿਆਂ ਦਾ ਸਖ਼ਤ ਵਿਰੋਧ ਕਰਨਗੇ।
ਜ਼ਿਕਰ ਕਰ ਦਈਏ ਕਿ ਕਿਸਾਨ ਪਹਿਲਾਂ ਵੀ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਖਨੌਰੀ ਅਤੇ ਸ਼ੰਭੂ ਸਰਹੱਦ 'ਤੇ ਬੈਠੇ ਸਨ, ਪਰ ਉਦੋਂ ਉਨ੍ਹਾਂ ਨੂੰ ਜ਼ਬਰਦਸਤੀ ਉਠਾ ਦਿੱਤਾ ਗਿਆ, ਪਰ ਹਾਲੇ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ। ਇਸ ਤੋਂ ਬਾਅਦ ਕਿਸਾਨ ਇੱਕ ਵਾਰ ਵੱਡਾ ਅੰਦੋਲਨ ਕਰਨ ਜਾ ਰਹੇ ਹਨ।