ਰਮਨਦੀਪ ਕੌਰ ਦੀ ਰਿਪੋਰਟ


ਬਰਨਾਲਾ: ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਡਟੇ ਕਿਸਾਨ ਕੇਂਦਰ ਦੇ ਅੜੀਅਲ ਰਵੱਈਏ ਦੇ ਬਾਵਜੂਦ ਆਪਣੇ ਮੋਰਚਿਆਂ ‘ਤੇ ਡਟੇ ਹੋਏ ਹਨ। ਅਜਿਹੇ ‘ਚ ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੀ ਸੂਬਾ-ਪੱਧਰੀ ਮੀਟਿੰਗ ਦੌਰਾਨ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਨੇ ਕਿਹਾ ਕਿ 500 ਕਿਸਾਨ-ਜਥੇਬੰਦੀਆਂ ਦਾ ਸਾਂਝਾ ਦਿੱਲੀ-ਮੋਰਚਾ ਇਤਿਹਾਸਕ ਹੋਵੇਗਾ। ਉਨ੍ਹਾਂ ਕਿਹਾ ਇਹ ਮੋਰਚਾ ਮੋਦੀ-ਸਰਕਾਰ ਨੂੰ 3 ਖੇਤੀ-ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਵਾਪਿਸ ਲੈਣ ਲਈ ਮਜ਼ਬੂਰ ਕਰ ਦੇਵੇਗਾ।


ਉਨ੍ਹਾਂ ਦੱਸਿਆ ਕਿ ਇਸ ਮੋਰਚੇ 'ਚ ਪੰਜਾਬ ਦੀਆਂ ਕਿਸਾਨ-ਜਥੇਬੰਦੀਆਂ ਅਹਿਮ ਭੂਮਿਕਾ ਨਿਭਾਉਣਗੀਆਂ। ਬੁਰਜ਼ਗਿੱਲ ਨੇ ਕਿਹਾ ਕਿ ਪੰਜਾਬ ਭਰ 'ਚ 30-ਕਿਸਾਨ ਜਥੇਬੰਦੀਆਂ ਵੱਲੋਂ ਟੋਲ-ਪਲਾਜ਼ਿਆਂ, ਰੇਲਵੇ-ਸਟੇਸ਼ਨਾਂ, ਪਾਰਕਾਂ, ਅੰਬਾਨੀ ਦੇ ਰਿਲਾਇੰਸ-ਪੰਪਾਂ ਅਤੇ ਬੀਜੇਪੀ ਲੀਡਰਾਂ ਦੇ ਘਰਾਂ ਅੱਗੇ ਪੱਕੇ-ਮੋਰਚੇ ਜੋਸ਼-ਖ਼ਰੋਸ਼ ਨਾਲ ਜਾਰੀ ਹਨ ਅਤੇ ਲੋਕ ਦਿੱਲੀ ਜਾਣ ਲਈ ਉਤਾਵਲੇ ਹਨ। ਜਥੇਬੰਦੀਆਂ ਦਿੱਲੀ ਦੇ ਨਾਲ-ਨਾਲ ਪੰਜਾਬ ਦੇ ਮੋਰਚਿਆਂ ਨੂੰ ਵੀ ਜਾਰੀ ਰੱਖਣਗੀਆਂ।


ਮੀਟਿੰਗ ਦੌਰਾਨ ਜਨਰਲ-ਸਕੱਤਰ ਜਗਮੋਹਨ ਸਿੰਘ ਨੇ ਕਿਹਾ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨ ਮੰਗ ਕਰ ਰਹੇ ਹਨ ਕਿ ਖੇਤੀ-ਵਿਰੋਧੀ ਕਾਨੂੰਨ ਵਾਪਿਸ ਲਏ ਜਾਣ, ਪਰ ਮੋਦੀ-ਸਰਕਾਰ ਤਾਨਾਸ਼ਾਹੀ ਰਵੱਈਆ ਅਪਣਾਉਂਦਿਆਂ ਕਿਸਾਨਾਂ 'ਤੇ ਇਹ ਕਾਲ਼ੇ-ਕਾਨੂੰਨ ਮੜ੍ਹ ਰਹੀ ਹੈ। ਉਨ੍ਹਾਂ ਕਿਹਾ ਦੇਸ਼-ਭਰ ਦੀਆਂ 500 ਕਿਸਾਨ-ਜਥੇਬੰਦੀਆਂ ਨੇ ਇਹ ਦਰਸਾ ਦਿੱਤਾ ਹੈ ਕਿ ਕਿਸਾਨ ਕਿਸੇ ਵੀ ਕੀਮਤ 'ਤੇ ਇਹਨਾਂ ਕਾਨੂੰਨਾਂ ਨੂੰ ਲਾਗੂ ਨਹੀਂ ਹੋਣ ਦੇਣਗੇ। ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਸਾਂਝੇ-ਕਿਸਾਨ ਮੋਰਚੇ ਦੀ ਅਗਵਾਈ 'ਚ ਪੰਜਾਬ ਦੀਆਂ 30-ਕਿਸਾਨ-ਜਥੇਬੰਦੀਆਂ ਦੇ ਵੱਡੇ-ਕਾਫ਼ਲਿਆਂ ਨਾਲ ਖਨੌਰੀ ਰਸਤਿਓਂ ਦਿੱਲੀ ਵੱਲ ਕੂਚ ਕਰੇਗਾ। ਕਾਫ਼ਲਿਆਂ 'ਚ ਨੌਜਵਾਨਾਂ ਅਤੇ ਔਰਤਾਂ ਦੀ ਵੀ ਭਰਵੀਂ ਸ਼ਮੂਲੀਅਤ ਹੋਵੇਗੀ।


ਅਕਾਲੀ ਦਲ ਨੂੰ ਮੋਦੀ ਸਰਕਾਰ ਦਾ ਵੱਡਾ ਝਟਕਾ, ਮਜੀਠੀਆ 'ਤੇ ਸ਼ਿਕੰਜਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ