ਪੰਜਾਬ ਜੋ ਕਿ ਇਸ ਸਮੇਂ ਆਪਣੇ ਬਹੁਤ ਹੀ ਮੁਸ਼ਕਿਲ ਸਮੇਂ ਦੇ ਵਿੱਚੋਂ ਲੰਘ ਰਿਹਾ ਹੈ। ਸੂਬੇ ਦੇ ਹੜ੍ਹ ਪੀੜਤ ਸਾਰੇ 23 ਜ਼ਿਲ੍ਹਿਆਂ ਦੇ 2050 ਪਿੰਡਾਂ ਵਿੱਚ ਕੁੱਲ 3,87,898 ਵਿਅਕਤੀ ਬੇਘਰ ਹੋ ਗਏ ਹਨ, ਜਦਕਿ 20 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਜਿਸ ਕਰਕੇ ਸੂਬਾ ਸਰਕਾਰ, ਸਮਾਜ ਸੇਵੀ ਸੰਸਥਾਵਾਂ ਅਤੇ ਕਲਾਕਾਰ ਇਕੱਠੇ ਹੋ ਕਿ ਹੜ੍ਹ ਪੀੜਤ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚੇ ਰਹੇ ਹਨ। ਬਾਲੀਵੁੱਡ ਅਦਾਕਾਰ ਸੋਨੂ ਸੂਦ ਜਿਨ੍ਹਾਂ ਦਾ ਸੰਬੰਧ ਪੰਜਾਬ ਦੇ ਨਾਲ ਹੀ, ਉਹ ਵੀ ਇਸ ਮੁਸ਼ਕਿਲ ਸਮੇਂ ਦੇ ਵਿੱਚ ਆਪਣੇ ਲੋਕਾਂ ਦੇ ਵਿੱਚ ਪਹੁੰਚ ਗਏ। ਮੋਗਾ ਵਿੱਚ ਆਪਣੇ ਘਰ ਪਹੁੰਚੇ ਬਾਲੀਵੁੱਡ ਅਦਾਕਾਰ ਸੋਨੂ ਸੂਦ, ਜਿੱਥੇ ਉਹ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ ਅਤੇ ਉਨ੍ਹਾਂ ਲਈ ਰਾਹਤ ਸਮੱਗਰੀ ਵੀ ਵੰਡ ਰਹੇ ਹਨ।
ਇਕੱਠੇ ਹੋ ਕੇ ਪੰਜਾਬ ਦੇ ਲਈ ਮਦਦ ਦਾ ਦਿੱਤਾ ਹੋਕਾ
ਸੋਨੂ ਸੂਦ ਨੇ ਕਿਹਾ ਕਿ ਪੰਜਾਬ ਦੀ ਇਸ ਮੁਸੀਬਤ ਵਿੱਚ ਸਭ ਨੂੰ ਇਕੱਠੇ ਹੋ ਕੇ ਮਦਦ ਕਰਨੀ ਚਾਹੀਦੀ ਹੈ ਅਤੇ ਲੋਕਾਂ ਤੱਕ ਉਹਨਾਂ ਦੀਆਂ ਜ਼ਰੂਰਤਾਂ ਮੁਤਾਬਕ ਚੀਜ਼ਾਂ ਪਹੁੰਚਾਈਆਂ ਜਾਣ। ਉਹਨਾਂ ਕਿਹਾ ਕਿ ਐਤਵਾਰ ਨੂੰ ਉਹ ਕੁਝ ਜ਼ਿਲਿਆਂ ਵਿੱਚ ਗਏ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਸਮੇਂ ਲੋਕਾਂ ਨੂੰ ਸਿਰਫ਼ ਰਾਸ਼ਨ ਦੀ ਨਹੀਂ, ਸਗੋਂ ਘਰਾਂ ਦੇ ਉਜੜ ਜਾਣ, ਫਸਲ ਦੇ ਖਰਾਬ ਹੋ ਜਾਣ ਅਤੇ ਮੈਡੀਕਲ ਸਹੂਲਤਾਂ ਦੀ ਵੱਧ ਲੋੜ ਹੈ। ਇਸ ਕਰਕੇ ਸਭ ਨੂੰ ਬੇਨਤੀ ਹੈ ਕਿ ਲੋਕਾਂ ਤੱਕ ਉਹੀ ਚੀਜ਼ਾਂ ਪਹੁੰਚਾਈਆਂ ਜਾਣ ਜੋ ਉਹਨਾਂ ਨੂੰ ਸੱਚਮੁੱਚ ਚਾਹੀਦੀਆਂ ਹਨ।
ਉਹਨਾਂ ਕਿਹਾ ਕਿ ਅੱਜ ਪੰਜਾਬ ਦੀ ਮਦਦ ਲਈ ਸਰਕਾਰ, ਸਮਾਜਸੇਵੀ ਸੰਸਥਾਵਾਂ, ਅਦਾਕਾਰ ਅਤੇ ਗਾਇਕ ਸਭ ਅੱਗੇ ਆ ਰਹੇ ਹਨ ਤਾਂ ਜੋ ਪੰਜਾਬ ਨੂੰ ਮੁੜ ਖੜ੍ਹਾ ਕੀਤਾ ਜਾ ਸਕੇ। ਸੂਦ ਨੇ ਕਿਹਾ ਕਿ ਸੂਦ ਫਾਊਂਡੇਸ਼ਨ ਪਾਣੀ ਘੱਟ ਹੋਣ ਤੋਂ ਬਾਅਦ ਵੀ ਲੋਕਾਂ ਦੀ ਮਦਦ ਕਰੇਗੀ, ਕਿਉਂਕਿ ਅਸਲ ਮੁਸੀਬਤ ਤਾਂ ਬਾਅਦ ਵਿੱਚ ਆਉਣੀ ਹੈ ਅਤੇ ਲੋਕਾਂ ਨੂੰ ਉਸ ਸਮੇਂ ਸੰਭਾਲਣ ਦੀ ਲੋੜ ਹੋਵੇਗੀ।
ਉਹਨਾਂ ਕਿਹਾ ਕਿ ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਰਹੇ ਹਨ, ਉਹਨਾਂ ਦਾ ਸਵਾਗਤ ਕਰਨਾ ਚਾਹੀਦਾ ਹੈ। ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਬੇਨਤੀ ਹੈ ਕਿ ਰਾਜਨੀਤੀ ਤੋਂ ਉੱਪਰ ਉਠ ਕੇ ਪੰਜਾਬ ਦੀ ਭਲਾਈ ਬਾਰੇ ਸੋਚਣ।
ਉਹਨਾਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਆਉਣਗੇ ਤਾਂ ਕੁਝ ਨਾ ਕੁਝ ਪੰਜਾਬ ਲਈ ਦੇ ਕੇ ਹੀ ਜਾਣਗੇ। ਕਿਉਂਕਿ ਪੰਜਾਬ ਨੂੰ ਦੁਬਾਰਾ ਖੜ੍ਹਾ ਕਰਨ ਲਈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਇਕੱਠੇ ਹੋ ਕੇ ਕੰਮ ਕਰਨਾ ਪਵੇਗਾ, ਤਦ ਹੀ ਪੰਜਾਬ ਮੁੜ ਪਹਿਲਾਂ ਵਰਗਾ ਬਣੇਗਾ। ਅਖੀਰ 'ਚ ਉਹਨਾਂ ਕਿਹਾ ਕਿ ਸੂਦ ਫਾਊਂਡੇਸ਼ਨ ਹਮੇਸ਼ਾ ਪੰਜਾਬ ਲਈ ਖੜ੍ਹੀ ਰਹੇਗੀ ਅਤੇ ਲੋਕਾਂ ਦੀ ਹਰ ਤਰ੍ਹਾਂ ਮਦਦ ਕਰੇਗੀ।