ਚੰਡੀਗੜ੍ਹ: ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੇਂਦਰ ਸਰਕਾਰ ’ਤੇ ਦੋਸ਼ ਲਗਾਇਆ ਹੈ ਕਿ ਭਾਜਪਾ ਸ਼ਾਸਿਤ ਸੂਬਿਆਂ ਦੇ ਮੁਕਾਬਲੇ ਪੰਜਾਬ ਵਿੱਚ ਕੋਵਿਡ-19 ਵੈਕਸੀਨ ਦੀ ਸਪਲਾਈ ਘੱਟ ਗਿਣਤੀ 'ਚ ਕੀਤੀ ਜਾ ਰਹੀ ਹੈ। ਮੰਤਰੀ ਨੇ ਦਾਅਵਾ ਕੀਤਾ ਕਿ ਟੀਕਿਆਂ ਦੀ ਅਯੋਗ ਸਪਲਾਈ ਨੇ ਸੂਬੇ ਵਿੱਚ ਟੀਕਾਕਰਨ ਮੁਹਿੰਮ ਦੀ ਗਤੀ ਨੂੰ ਹੌਲੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਰ ਰੋਜ਼ ਤਿੰਨ ਲੱਖ ਲੋਕਾਂ ਨੂੰ ਟੀਕੇ ਲਗਾਉਣ ਦੀ ਸਮਰੱਥਾ ਹੈ।


ਬਲਬੀਰ ਸਿੰਘ ਸਿੱਧੂ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਟੀਕਾਕਰਨ ਦੇ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਟੀਕਾਕਰਨ ਮੁਹਿੰਮ ਦੀ ਗਤੀ ਮੱਧ ਪ੍ਰਦੇਸ਼, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਰਗੇ ਭਾਜਪਾ ਸ਼ਾਸਿਤ ਸੂਬਿਆਂ ਵਿੱਚ ਕਈ ਗੁਣਾ ਵਧੀ ਹੈ। ਉਨ੍ਹਾਂ ਕਿਹਾ ਕਿ 21 ਜੂਨ ਨੂੰ ਮੱਧ ਪ੍ਰਦੇਸ਼ ਵਿੱਚ 17 ਲੱਖ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਸੀ, ਜਦੋਂ ਕਿ 20 ਜੂਨ ਤੋਂ ਪਹਿਲਾਂ, ਔਸਤਨ 1.75 ਲੱਖ ਖੁਰਾਕਾਂ ਪ੍ਰਤੀ ਦਿਨ ਦਿੱਤੀਆਂ ਗਈਆਂ ਸੀ। ਮੰਤਰੀ ਨੇ ਦੋਸ਼ ਲਾਇਆ, ”ਇਸ ਸਬੰਧੀ ਕੁੱਲ ਨੌਂ ਗੁਣਾ ਵਾਧਾ ਹੋਇਆ ਹੈ ਜੋ ਕਿ ਭਾਰਤ ਸਰਕਾਰ ਰਾਹੀਂ ਸੂਬਿਆਂ ਨੂੰ ਟੀਕਿਆਂ ਦੀ ਸਪਲਾਈ ਵਿੱਚ ਅਸਮਾਨਤਾ ਨੂੰ ਉਜਾਗਰ ਕਰਦਾ ਹੈ।"


ਸਪਲਾਈ ਪਾੜੇ ਦੀ ਚਿੰਤਾ


ਉਨ੍ਹਾਂ ਨੇ ਦਾਅਵਾ ਕੀਤਾ ਕਿ ਮੱਧ ਪ੍ਰਦੇਸ਼ ਨੂੰ ਇੱਕ ਦਿਨ ਵਿੱਚ 17 ਲੱਖ ਖੁਰਾਕਾਂ ਮਿਲੀਆਂ, ਜਦੋਂ ਕਿ 1 ਜੂਨ ਤੋਂ 24 ਜੂਨ ਦਰਮਿਆਨ ਪੰਜਾਬ ਨੂੰ ਸਿਰਫ 16 ਲੱਖ ਖੁਰਾਕਾਂ ਮਿਲੀਆਂ। ਸਿੱਧੂ ਨੇ ਕਿਹਾ ਕਿ ਮੰਗ ਅਤੇ ਸਪਲਾਈ ਵਿਚਲਾ ਪਾੜਾ ਚਿੰਤਾ ਦਾ ਵਿਸ਼ਾ ਹੈ ਅਤੇ ਟੀਕਾਕਰਨ ਦੀ ਬਰਾਬਰ ਵੰਡ ਟੀਕਾਕਰਨ ਮੁਹਿੰਮ ਦੀ ਸਫਲਤਾ ਲਈ ਬਹੁਤ ਜ਼ਰੂਰੀ ਹੈ।


ਉਨ੍ਹਾਂ ਨੇ ਦਾਅਵਾ ਕੀਤਾ ਕਿ ਹਰਿਆਣਾ ਵਿਚ ਖੁਰਾਕ ਦਿੱਤੇ ਜਾਣ 'ਚ 7.54 ਗੁਣਾ, ਕਰਨਾਟਕ ਵਿਚ 5.50 ਗੁਣਾ, ਆਸਾਮ ਵਿਚ 5, ਉਤਰਾਖੰਡ ਵਿਚ 3.80, ਹਿਮਾਚਲ ਪ੍ਰਦੇਸ਼ ਵਿਚ 3, ਉੱਤਰ ਪ੍ਰਦੇਸ਼ ਵਿਚ 2.29 ਅਤੇ ਗੁਜਰਾਤ ਵਿਚ 2.5 ਗੁਣਾ ਵਾਧਾ ਹੋਇਆ ਹੈ। ਸਿੱਧੂ ਨੇ ਕਿਹਾ ਕਿ ਮਈ ਦੇ ਮਹੀਨੇ ਵਿਚ ਪੰਜਾਬ ਨੂੰ ਸਿਰਫ 17 ਲੱਖ ਖੁਰਾਕਾਂ ਮਿਲੀਆਂ ਹਨ।


ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਜੂਨ ਵਿੱਚ 21 ਲੱਖ ਖੁਰਾਕ ਮੁਹੱਈਆ ਕਰਵਾਉਣ ਦੇ ਭਰੋਸੇ ਦੇ ਬਾਵਜੂਦ ਇਸ ਨੇ ਟੀਕੇ ਦੀਆਂ ਸਿਰਫ 16 ਲੱਖ ਖੁਰਾਕਾਂ ਦਿੱਤੀਆਂ ਹਨ। ਮੰਤਰੀ ਨੇ ਕਿਹਾ ਕਿ ਇਹ ਟੀਕਿਆਂ ਦੀ ਅਸਮਾਨ ਸਪਲਾਈ ਦਰਸਾਉਂਦਾ ਹੈ ਜੋ ਕਿ ਪੰਜਾਬ ਵਿੱਚ ਟੀਕਾਕਰਨ ਮੁਹਿੰਮ ਨੂੰ ਪ੍ਰਭਾਵਿਤ ਕਰ ਰਿਹਾ ਹੈ। ਉਨ੍ਹਾਂ ਪੰਜਾਬ ਨੂੰ ਹਰ ਰੋਜ਼ ਟੀਕੇ ਦੀਆਂ ਦੋ ਲੱਖ ਖੁਰਾਕਾਂ ਦੀ ਸਪਲਾਈ ਦੀ ਮੰਗ ਕੀਤੀ।


ਇਹ ਵੀ ਪੜ੍ਹੋ: PM Modi JK Leaders Meeting: ਮੋਦੀ ਨੇ ਕੀਤੀ ਜੰਮੂ-ਕਸ਼ਮੀਰ ਦੇ ਆਗੂਆਂ ਨਾਲ ਖਾਸ ਮੀਟਿੰਗ, ਜਾਣੋ ਕਿਸ ਨੇ ਦਿੱਤੀ ਕੀ ਪ੍ਰਤੀਕਿਰੀਆ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904