ਚੰਡੀਗੜ੍ਹ: ਪੰਜਾਬ 'ਚ ਬੀਤੀ ਅੱਧੀ ਰਾਤ ਨੂੰ ਵੱਡਾ ਫੇਰਬਦਲ ਹੋਇਆ। ਪੰਜਾਬ ਸਰਕਾਰ ਨੇ ਅਚਾਨਕ ਇਕਬਾਲਪ੍ਰੀਤ ਸਹੋਤਾ ਨੂੰ ਕਾਰਜਕਾਰੀ ਡੀਜੀਪੀ ਦੇ ਅਹੁਦੇ ਤੋਂ ਹਟਾ ਦਿੱਤਾ। ਉਨ੍ਹਾਂ ਦੀ ਥਾਂ 'ਤੇ ਸਿਧਾਰਥ ਚਟੋਪਾਧਿਆਏ ਨੂੰ ਇਹ ਚਾਰਜ ਦਿੱਤਾ ਗਿਆ ਹੈ। ਇਸ ਫੇਰਬਦਲ ਨਾਲ ਚਰਚਾ ਛਿੜ ਗਈ ਹੈ ਕਿ ਪੰਜਾਬ ਸਰਕਾਰ ਚੋਣਾਂ ਤੋਂ ਪਹਿਲਾਂ ਬੇਅਦਬੀ ਤੇ ਨਸ਼ਿਆਂ ਦੇ ਮਾਮਲੇ ਵਿੱਚ ਵੱਡਾ ਐਕਸ਼ਨ ਕਰਨਾ ਚਾਹੁੰਦੀ ਹੈ।
ਇਹ ਵੀ ਚਰਚਾ ਹੈ ਕਿ ਸਹੋਤਾ ਦੀ ਨਿਯੁਕਤੀ ਬਾਰੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਲਗਾਤਾਰ ਵਿਰੋਧ ਕਰ ਰਹੇ ਸਨ। ਚਟੋਪਾਧਿਆਏ ਸਿੱਧੂ ਦੀ ਪਹਿਲੀ ਪਸੰਦ ਸਨ, ਪਰ ਸੀਐਮ ਚਰਨਜੀਤ ਚੰਨੀ ਨੇ ਆਪਣੀ ਪਸੰਦ ਦੇ ਇਕਬਾਲਪ੍ਰੀਤ ਸਹੋਤਾ ਨੂੰ ਡੀਜੀਪੀ ਦਾ ਚਾਰਜ ਦਿੱਤਾ ਸੀ। ਹਾਲਾਂਕਿ ਹੁਣ ਇਸ ਨਵੀਂ ਤਾਇਨਾਤੀ ਤੋਂ ਬਾਅਦ ਪੰਜਾਬ 'ਚ ਤੇਜ਼ੀ ਨਾਲ ਪੁਲਿਸ ਕਾਰਵਾਈ ਕੀਤੇ ਜਾਣ ਦੀ ਉਮੀਦ ਹੈ।
ਉਧਰ, ਅੱਧੀ ਰਾਤ ਨੂੰ ਅਚਾਨਕ ਡੀਜੀਪੀ ਦੀ ਬਦਲੀ ਹੋਣ ਨਾਲ ਪੰਜਾਬ 'ਚ ਬਹੁਚਰਚਿਤ ਡਰੱਗਜ਼ ਮਾਮਲੇ 'ਚ ਹਲਚਲ ਤੇਜ਼ ਹੋ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਡਰੱਗਜ਼ ਮਾਮਲੇ 'ਚ ਕਾਰਵਾਈ ਲਈ ਇਹ ਕਦਮ ਚੁੱਕਿਆ ਗਿਆ ਹੈ। ਨਸ਼ਿਆਂ ਦੇ ਮਾਮਲੇ ਵਿੱਚ ਵੱਡੇ ਲੀਡਰਾਂ ਦਾ ਨਾਂ ਬੋਲਦਾ ਹੈ ਪਰ ਪਿਛਲੇ ਸਮੇਂ ਵਿੱਚ ਕੋਈ ਕਾਰਵਾਈ ਨਹੀਂ ਹੋਈ।
ਨਵਜੋਤ ਸਿੱਧੂ ਇਸ ਮਾਮਲੇ ਨੂੰ ਜ਼ੋਰਦਾਰ ਢੰਗ ਨਾਲ ਉਠਾ ਰਹੇ ਹਨ। ਉਹ ਸਪਸ਼ਟ ਕਹਿ ਰਹੇ ਹਨ ਕਿ ਨਸ਼ਿਆਂ ਦੇ ਤਾਰ ਕਈ ਅਕਾਲੀ ਲੀਡਰਾਂ ਨਾਲ ਜੁੜੇ ਹਨ। ਇਹ ਵੀ ਅਹਿਮ ਹੈ ਕਿ ਨਵੇਂ ਕਾਰਜਕਾਰੀ ਡੀਜੀਪੀ ਵਜੋਂ ਨਿਯੁਕਤ ਕੀਤੇ ਗਏ ਸਿਧਾਰਥ ਚਟੋਪਾਧਿਆਏ ਇਸ ਤੋਂ ਪਹਿਲਾਂ ਵੀ ਬਾਦਲ ਪਰਿਵਾਰ ਦੇ ਵਿੱਤੀ ਲੈਣ-ਦੇਣ ਦੀ ਜਾਂਚ ਕਰ ਚੁੱਕੇ ਹਨ।
ਦਰਅਸਲ ਪੰਜਾਬ 'ਚ ਨਵਜੋਤ ਸਿੰਧੂ ਸਿੱਧੂ ਡੀਜੀਪੀ ਨੂੰ ਬਦਲਣ ਦੀ ਮੰਗ ਕਰ ਰਹੇ ਸਨ, ਪਰ ਸੀਐਮ ਚੰਨੀ ਸਹੋਤਾ ਨੂੰ ਲੈ ਕੇ ਅੜੇ ਹੋਏ ਸਨ। ਹੁਣ ਅਚਾਨਕ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਏਡੀਜੀਪੀ ਐਸਕੇ ਅਸਥਾਨਾ ਦੀ ਚਿੱਠੀ ਲੀਕ ਹੋਣ ਤੋਂ ਬਾਅਦ ਸਰਕਾਰ 'ਤੇ ਦਬਾਅ ਵਧ ਗਿਆ ਹੈ। ਅਸਥਾਨਾ ਵੱਲੋਂ ਡੀਜੀਪੀ ਨੂੰ ਲਿਖੀ ਚਿੱਠੀ ਦਾ ਸਿਲੈਕਟਿਡ ਹਿੱਸਾ ਲੀਕ ਕਰਕੇ ਸਰਕਾਰ ਨੂੰ ਸਿੱਧੇ ਤੌਰ 'ਤੇ ਕਮਜ਼ੋਰ ਕਰਨ ਤੇ ਬਾਦਲਾਂ ਨੂੰ ਸਿਆਸੀ ਲਾਹਾ ਦੇਣ ਦੀ ਗੱਲ ਨੂੰ ਲੈ ਕੇ ਵੀ ਸਰਕਾਰ 'ਚ ਚਰਚਾ ਸੀ, ਜਿਸ ਤੋਂ ਬਾਅਦ ਅੱਧੀ ਰਾਤ ਨੂੰ ਅਚਾਨਕ ਇਹ ਫ਼ੈਸਲਾ ਲਿਆ ਗਿਆ।
ਇਹ ਵੀ ਦਿਲਚਸਪ ਹੈ ਕਿ ਸਰਕਾਰ ਨੇ ਇਹ ਫ਼ੈਸਲਾ ਅਜਿਹੇ ਸਮੇਂ 'ਚ ਲਿਆ ਹੈ ਜਦੋਂ ਯੂਪੀਐਸਸੀ ਨੇ ਅਜੇ ਤਕ ਨਵੇਂ ਸਥਾਈ ਡੀਜੀਪੀ ਲਈ ਪੈਨਲ ਨਹੀਂ ਭੇਜਿਆ ਹੈ। ਯੂਪੀਐਸਸੀ ਨੇ ਪੈਨਲ ਲਈ 21 ਦਸੰਬਰ ਨੂੰ ਮੀਟਿੰਗ ਬੁਲਾਈ ਹੈ, ਜਿਸ 'ਚ ਪੰਜਾਬ ਤੋਂ ਮੁੱਖ ਸਕੱਤਰ ਸਮੇਤ 3 ਅਧਿਕਾਰੀ ਸ਼ਾਮਲ ਹੋਣ ਜਾ ਰਹੇ ਹਨ। ਇਸ ਤੋਂ 4 ਦਿਨ ਪਹਿਲਾਂ ਸਰਕਾਰ ਦਾ ਇਹ ਫ਼ੈਸਲਾ ਡਰੱਗਜ਼ ਮਾਮਲੇ 'ਚ ਵੱਡੀ ਕਾਰਵਾਈ ਕਰਨ ਦੀ ਕੋਸ਼ਿਸ਼ ਦੇ ਸੰਕੇਤ ਦੇ ਰਿਹਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin