Punjab News: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਵਣ ਹੇਠਲਾ ਰਕਬਾ ਵਧਾਉਣ ਲਈ ਪੂਰੀ ਤਰ੍ਹਾਂ ਸੁਹਿਰਦ ਹੈ ਜਿਸ ਦਾ ਸਬੂਤ ਇਸੇ ਗੱਲ ਤੋਂ ਮਿਲਦਾ ਹੈ ਕਿ ਸੂਬੇ ਭਰ ਵਿੱਚ 1.20 ਕਰੋੜ ਬੂਟੇ ਲਗਾਉਣ ਦਾ ਟੀਚਾ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਪੂਰਾ ਕਰ ਲਿਆ ਗਿਆ ਹੈ।
ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸੂਬੇ ਭਰ ਦੇ ਜ਼ਿਲ੍ਹਾ ਵਣ ਅਧਿਕਾਰੀਆਂ ਨਾਲ ਵਿਭਾਗ ਦੀ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਇਹ ਵਿਚਾਰ ਪ੍ਰਗਟ ਕੀਤੇ।
ਇਸ ਮੌਕੇ ਮੰਤਰੀ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਗਿਆ ਕਿ ਅਗਲੇ ਵਰ੍ਹੇ ਲਈ ਸੂਬੇ ਭਰ ਵਿੱਚ 3 ਕਰੋੜ ਬੂਟੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ ਜਿਸ ਸਬੰਧੀ ਵਿਭਾਗ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਤੋਂ ਇਲਾਵਾ ਉਹਨਾਂ ਨੂੰ ਇਸ ਪੱਖ ਤੋਂ ਵੀ ਜਾਣੂ ਕਰਵਾਇਆ ਗਿਆ ਕਿ ਪੰਜਾਬ ਰਾਜ ਵਣ ਵਿਕਾਸ ਨਿਗਮ ਦੀ ਪਿਛਲੇ ਵਰ੍ਹੇ ਦੀ 36 ਕਰੋੜ ਰੁਪਏ ਦੀ ਆਮਦਨ ਦੀ ਤੁਲਨਾ ਵਿੱਚ ਇਸ ਵਰ੍ਹੇ ਹੁਣ ਤੱਕ ਦੇ 7 ਮਹੀਨਿਆਂ ਦਾ ਅੰਕੜਾ 29 ਕਰੋੜ ਰੁਪਏ ਤੱਕ ਪਹੁੰਚ ਚੁੱਕਾ ਹੈ ਅਤੇ ਉਮੀਦ ਹੈ ਕਿ ਇਹ ਬੀਤੇ ਵਰ੍ਹੇ ਦੇ ਅੰਕੜੇ ਨੂੰ ਪਾਰ ਕਰ ਜਾਵੇਗਾ। ਪੰਜਾਬ ਭਰ ਵਿੱਚ ਸਥਿਤ ਨਰਸਰੀਆਂ ਦੇ ਇੰਚਾਰਜਾਂ ਨੂੰ ਸਿਖਲਾਈ ਦੇਣ ਦਾ ਕੰਮ ਭਲਕੇ (17 ਨਵੰਬਰ) ਤੋਂ ਹੁਸ਼ਿਆਰਪੁਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਵਿੱਚ ਪਹਾੜੀ ਖੇਤਰਾਂ ਵਾਲੀਆਂ ਨਰਸਰੀਆਂ ਦੇ ਇੰਚਾਰਜਾਂ ਨੂੰ ਤਰਜੀਹ ਆਧਾਰ ‘ਤੇ ਸਿਖਲਾਈ ਦਿੱਤੀ ਜਾਵੇਗੀ।
ਵਿਭਾਗ ਦੇ ਕੰਮਕਾਜ ਦੀ ਸਮੀਖਿਆ ਕਰਦੇ ਹੋਏ ਕਟਾਰੂਚੱਕ ਨੇ ਸੂਬੇ ਭਰ ਵਿੱਚ ਪਵਿੱਤਰ ਵਣ (1 ਜਾਂ 2 ਹੈਕਟੇਅਰ ਦੇ ਰਕਬੇ ਵਿੱਚ ਸਥਾਪਿਤ ਕੀਤੇ ਜਾਣ ਵਾਲੇ ਬੂਟੇ), ਨਾਨਕ ਬਗੀਚੀ, ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਆਦਿ ਸਕੀਮਾਂ ਨੂੰ ਹੋਰ ਠੋਸ ਢੰਗ ਨਾਲ ਲਾਗੂ ਕੀਤੇ ਜਾਣ ‘ਤੇ ਜ਼ੋਰ ਦਿੱਤਾ ਤਾਂ ਜੋ ਸੂਬੇ ਵਿੱਚ ਹਰਿਆਵਲ ਹੇਠਲੇ ਖੇਤਰ ਵਿੱਚ ਵਾਧਾ ਹੋ ਸਕੇ ਜੋ ਕਿ ਵਾਤਾਵਰਣ ਦੀ ਸ਼ੁੱਧਤਾ ਵਿੱਚ ਅਹਿਮ ਰੋਲ ਨਿਭਾਅ ਸਕਦਾ ਹੈ। ਕਟਾਰੂਚੱਕ ਨੇ ਇਸ ਮੌਕੇ ਰੋਪੜ ਵਿਚਲੇ ਸਦਾਬ੍ਰਤ ਜੰਗਲ ਅਤੇ ਗੁਰਦਾਸਪੁਰ ਵਿਚਲੇ ਕੈਸ਼ੋਪੁਰ ਛੰਬ ਨੂੰ ਵੀ ਵਿਕਸਿਤ ਕੀਤੇ ਜਾਣ ਅਤੇ ਉੱਥੇ ਸਹੂਲਤਾਂ ਮੁਹੱਈਆ ਕਰਵਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਵਿਭਾਗ ਦੇ ਕਰਮਚਾਰੀਆਂ ਨੂੰ ਵਰਦੀਆਂ ਪਾ ਕੇ ਡਿਊਟੀ ਦੇਣ ਦੀ ਪੁਰਜ਼ੋਰ ਵਕਾਲਤ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਇਸ ਨਾਲ ਵਿਭਾਗ ਨੂੰ ਜਿੱਥੇ ਨਵੀਂ ਦਿੱਖ ਮਿਲੇਗੀ ਉੱਥੇ ਅਜਿਹੇ ਕਰਮਚਾਰੀਆਂ ਦੇ ਆਤਮ ਵਿਸ਼ਵਾਸ ਵਿੱਚ ਵੀ ਵਾਧਾ ਹੋਵੇਗਾ। ਬੂਟਿਆਂ ਦੀ ਢੁੱਕਵੀਂ ਸਾਂਭ ਸੰਭਾਲ ਦੇ ਨਿਰਦੇਸ਼ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਇਹਨਾਂ ਦੇ ਆਲੇ-ਦੁਆਲੇ ਟਰੀ ਗਾਰਡ ਲਗਾ ਕੇ ਉਹਨਾਂ ‘ਤੇ ਵਿਭਾਗ ਦੇ ਪੀਲਾ ਅਤੇ ਹਰਾ ਰੰਗ ਕੀਤਾ ਜਾਵੇ। ਉਹਨਾਂ ਇਹ ਵੀ ਕਿਹਾ ਕਿ ਕੁਝ ਖਾਸ ਖੇਤਰਾਂ ਦੀ ਪਛਾਣ ਕਰਕੇ ਜਿਵੇਂ ਕਿ ਫਗਵਾੜਾ-ਚੰਡੀਗੜ੍ਹ ਸੜਕ ਦੇ ਦੁਆਲੇ ਵੱਖੋ-ਵੱਖ ਕਿਸਮ ਦੇ ਬੂਟੇ ਲਗਾਏ ਜਾਣ ਅਤੇ ਇਹਨਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾਵੇ।
ਇਸ ਮੌਕੇ ਵਣ ਵਿਭਾਗ ਦੀ ਜ਼ਮੀਨ ‘ਤੇ ਨਾਜਾਇਜ ਕਬਜ਼ਿਆਂ ਅਤੇ ਮਾਈਨਿੰਗ ਸਬੰਧੀ ਮੰਤਰੀ ਨੇ ਵਿਭਾਗੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਜਿਹਾ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਨਜਾਇਜ ਮਾਈਨਿੰਗ ਰੋਕਣ ਦੀ ਕੋਸ਼ਿਸ਼ ਵਿੱਚ ਗੰਭੀਰ ਜਖ਼ਮੀ ਹੋਣ ਵਾਲੇ ਇਮਾਨਦਾਰ ਵਿਭਾਗੀ ਕਰਮਚਾਰੀਆਂ ਦੀ ਤਰੱਕੀ ਜਾਂ ਉਹਨਾਂ ਨੂੰ ਪ੍ਰਸ਼ੰਸਾ ਪੱਤਰ ਦੇਣ ਬਾਰੇ ਵੀ ਵਿਚਾਰ ਕੀਤਾ ਜਾਵੇ।
ਪੰਜਾਬ ਸਰਕਾਰ ਸੂਬੇ ਵਿੱਚ ਵਣ ਹੇਠਲਾ ਰਕਬਾ ਵਧਾਉਣ ਲਈ ਪੂਰੀ ਤਰ੍ਹਾਂ ਸੁਹਿਰਦ: ਲਾਲ ਚੰਦ ਕਟਾਰੂਚੱਕ
ਏਬੀਪੀ ਸਾਂਝਾ | Edited By: sanjhadigital Updated at: 16 Nov 2022 07:41 PM (IST)
ਪੰਜਾਬ ਸਰਕਾਰ ਸੂਬੇ ਵਿੱਚ ਵਣ ਹੇਠਲਾ ਰਕਬਾ ਵਧਾਉਣ ਲਈ ਪੂਰੀ ਤਰ੍ਹਾਂ ਸੁਹਿਰਦ ਹੈ ਜਿਸ ਦਾ ਸਬੂਤ ਇਸੇ ਗੱਲ ਤੋਂ ਮਿਲਦਾ ਹੈ ਕਿ ਸੂਬੇ ਭਰ ਵਿੱਚ 1.20 ਕਰੋੜ ਬੂਟੇ ਲਗਾਉਣ ਦਾ ਟੀਚਾ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਪੂਰਾ ਕਰ ਲਿਆ ਗਿਆ ਹੈ।
photo
NEXT PREV
Published at: 16 Nov 2022 07:40 PM (IST)