ਚੰਡੀਗੜ੍ਹ : ਪੰਜਾਬ ਸਰਕਾਰ ਨੇ ਪੰਜਾਬ ਭਰ ਦੀਆਂ ਮੰਡੀਆਂ ਵਿੱਚੋਂ ਅਨਾਜ ਖਰੀਦਣ ਵਾਲੀਆਂ ਆਪਣੀਆਂ ਸਾਰੀਆਂ ਸਰਕਾਰੀ ਖਰੀਦ ਏਜੰਸੀਆਂ ਤੋਂ ਉਨ੍ਹਾਂ ਦੇ ਗੋਦਾਮਾਂ ਵਿੱਚ ਪਏ ਸਾਰੇ ਅਨਾਜ ਦਾ ਹਿਸਾਬ -ਕਿਤਾਬ ਮੰਗਿਆ ਹੈ। ਫੂਡ ਸਪਲਾਈ, ਪਨਗ੍ਰੇਨ, ਵੇਅਰਹਾਊਸ, ਪਨਸਪ ਅਤੇ ਮਾਰਕਫੈੱਡ ਦੇ ਅਧਿਕਾਰੀਆਂ ਨੂੰ ਇਸ ਹਫ਼ਤੇ ਦੇ ਅੰਤ ਤੱਕ ਅਨਾਜ ਦਾ ਪੂਰਾ ਰਿਕਾਰਡ ਪੇਸ਼ ਕਰਨਾ ਹੋਵੇਗਾ।


ਏਜੰਸੀਆਂ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਗੋਦਾਮਾਂ ਦਾ ਜਾਇਜ਼ਾ ਲੈਣ ਅਤੇ ਰਿਕਾਰਡ ਮਿਲਾਨ ਅਤੇ ਸਟੋਰ ਕੀਤੇ ਅਨਾਜ ਬਾਰੇ ਜਾਣਕਾਰੀ ਦੇਣ ਲਈ ਸਿਰਫ਼ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ। ਦਰਅਸਲ, ਸਰਕਾਰ ਨੂੰ ਅਨਾਜ ਦੀ ਚੋਰੀ ਤੋਂ ਲੈ ਕੇ ਸਰਕਾਰੀ ਗੋਦਾਮਾਂ 'ਚੋਂ ਗੰਢਤੁੱਪ ਤੱਕ ਵੱਡੀ ਗਿਣਤੀ 'ਚ ਸ਼ਿਕਾਇਤਾਂ ਮਿਲੀਆਂ ਹਨ। ਜਿਸ ਦੇ ਆਧਾਰ 'ਤੇ ਕਾਰਵਾਈ ਕੀਤੀ ਗਈ ਹੈ।


ਖੁਰਾਕ ਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟਾਲਰੈਂਸ ਦੀ ਨੀਤੀ 'ਤੇ ਚੱਲ ਰਹੀ ਹੈ। ਪੰਜਾਬ ਵਿੱਚ ਹਰ ਸਾਲ ਹਜ਼ਾਰਾਂ ਕਰੋੜ ਰੁਪਏ ਦੇ ਅਨਾਜ ਘੋਟਾਲੇ ਸਾਹਮਣੇ ਆਉਂਦੇ ਰਹੇ ਹਨ। ਅਨਾਜ ਦੀ ਦੁਰਵਰਤੋਂ ਸਬੰਧੀ ਅਸੀਂ ਆਪਣੀ ਸਰਕਾਰ ਵਿੱਚ ਕਿਸੇ ਵੀ ਤਰ੍ਹਾਂ ਦੀ ਘਪਲੇਬਾਜ਼ੀ ਨੂੰ ਬਰਦਾਸ਼ਤ ਨਹੀਂ ਕਰਾਂਗੇ, ਇਸੇ ਲਈ ਸਰਕਾਰੀ ਗੋਦਾਮਾਂ ਵਿੱਚ ਜਮ੍ਹਾਂ ਹੋਏ ਅਨਾਜ ਦਾ ਪੂਰਾ ਹਿਸਾਬ ਕਿਤਾਬ ਲਿਆ ਜਾ ਰਿਹਾ ਹੈ। ਸਮੇਂ-ਸਮੇਂ 'ਤੇ ਗੋਦਾਮਾਂ 'ਚ ਆਉਣ ਵਾਲੇ ਅਨਾਜ ਅਤੇ ਵੱਖ-ਵੱਖ ਰਾਜਾਂ 'ਚ ਜਾਣ ਵਾਲੇ ਅਨਾਜ ਦੀ ਮੁਕੰਮਲ ਮਿਲਾਨ ਕਰਵਾਈ ਜਾਵੇਗੀ, ਤਾਂ ਜੋ ਸਮੇਂ 'ਤੇ ਗੜਬੜੀ ਦਾ ਪਤਾ ਲਗਾਇਆ ਜਾ ਸਕੇ।

ਇੱਕ ਹਫ਼ਤੇ ਵਿੱਚ ਅਨਾਜ ਦਾ ਰਿਕਾਰਡ ਨਾ ਦੇਣ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ
ਸਰਕਾਰੀ ਖਰੀਦ ਏਜੰਸੀਆਂ ਵਿੱਚ ਅਨਾਜ ਦੀ ਕਮੀ ਦੇ ਮੁੱਖ ਕਾਰਨ ਚੂਹਿਆਂ ਦੁਆਰਾ ਲੁੱਟਣ ਤੋਂ ਲੈ ਕੇ ਚੋਰੀ ਦੇ ਮਾਮਲੇ ਸ਼ਾਮਲ ਹਨ। ਇਸ ਦੇ ਨਾਲ ਹੀ ਖੁੱਲ੍ਹੇ ਵਿੱਚ ਪਿਆ ਅਨਾਜ ਵੀ ਕਈ ਵਾਰ ਖ਼ਰਾਬ ਹੋ ਜਾਂਦਾ ਹੈ। ਇਸ ਸਭ ਦੀ ਆੜ ਵਿੱਚ ਕਈ ਵਾਰ ਅਨਾਜ ਵੱਡੀ ਮਾਤਰਾ ਵਿੱਚ ਗਾਇਬ ਹੋ ਜਾਂਦਾ ਹੈ। ਕਈ ਸਾਲਾਂ ਤੱਕ ਅਨਾਜ ਦਾ ਕੋਈ ਹਿਸਾਬ ਨਹੀਂ ਹੁੰਦਾ ਅਤੇ ਫਿਰ ਸਭ ਕੁਝ ਲਿਖ ਦਿੱਤਾ ਜਾਂਦਾ ਹੈ। ਸਰਕਾਰੀ ਗੋਦਾਮਾਂ ਵਿੱਚ ਰੱਖੇ ਅਨਾਜ ਦਾ ਰਿਕਾਰਡ ਇੱਕ ਹਫ਼ਤੇ ਵਿੱਚ ਨਾ ਦੇਣ ਵਾਲੇ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।

ਪਟਿਆਲਾ ਤੇ ਫਰੀਦਕੋਟ 'ਚ ਸਾਹਮਣੇ ਆਏ ਚੁੱਕੇ ਘੁਟਾਲੇ 


22 ਜੂਨ 2022 ਨੂੰ ਹੀ ਅਨਾਜ ਦੀਆਂ 1590 ਬੋਰੀਆਂ ਗਾਇਬ ਹੋਣ ਸਬੰਧੀ ਪਨਗ੍ਰੇਨ ਦੇ ਪਟਿਆਲਾ ਸਥਿਤ ਦਫ਼ਤਰ ਵਿੱਚ ਚਾਰ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ 10 ਮਈ ਨੂੰ ਫਰੀਦਕੋਟ ਵਿੱਚ ਜ਼ਿਲ੍ਹਾ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਤਿੰਨ ਅਧਿਕਾਰੀਆਂ ਤੇ ਕਰਮਚਾਰੀਆਂ ’ਤੇ 2 ਕਰੋੜ ਰੁਪਏ ਦੀਆਂ 23 ਹਜ਼ਾਰ ਕਣਕ ਦੀਆਂ ਬੋਰੀਆਂ ਗਾਇਬ ਹੋਣ ਦੇ ਦੋਸ਼ ਲੱਗੇ ਸਨ। ਇਸ ਵਿੱਚ ਤਿੰਨ ਸੁਰੱਖਿਆ ਗਾਰਡਾਂ ਦੀ ਮਦਦ ਨਾਲ ਚੋਰੀ ਕੀਤਾ ਗਿਆ ਅਤੇ ਫਿਰ ਅੱਗ ਲਗਾ ਦਿੱਤੀ ਗਈ। ਬਾਅਦ ਵਿੱਚ ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਇਸ ਚੋਰੀ ਦਾ ਖੁਲਾਸਾ ਕੀਤਾ। ਇਸ ਤੋਂ ਇਲਾਵਾ 2016 ਵਿੱਚ ਵੀ ਕੈਗ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਵਿੱਚ ਇੱਕ ਦਹਾਕੇ ਵਿੱਚ 12000 ਕਰੋੜ ਰੁਪਏ ਦਾ ਅਨਾਜ ਗਾਇਬ ਹੋਇਆ ਹੈ। ਜਿਸ 'ਤੇ ਅੱਜ ਤੱਕ ਕੋਈ ਠੋਸ ਜਾਂਚ ਜਾਂ ਕਾਰਵਾਈ ਨਹੀਂ ਕੀਤੀ ਗਈ।

 

ਗੜਬੜੀਆਂ ਪਹਿਲਾਂ ਦੇ ਅਫਸਰਾਂ ਨੇ ਕੀਤੀਆਂ ਜਾਂ ਹੁਣ ਦੇ  , ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ


ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਰਿਕਾਰਡ ਪੂਰਾ ਨਹੀਂ ਪਾਇਆ ਗਿਆ ਅਤੇ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ, ਉਨ੍ਹਾਂ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣਗੇ। ਗੜਬੜੀਆਂ ਪਹਿਲਾਂ ਦੇ ਅਫਸਰਾਂ ਨੇ ਕੀਤੀਆਂ ਜਾਂ ਹੁਣ ਦੇ ਅਫ਼ਸਰਾਂ ਨੇ ਕੀਤੀਆਂ ਹੋਣ ,ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।