Punjab News: ਪੰਜਾਬ ਸਰਕਾਰ ਨੇ ਮੰਤਰੀਆਂ ਤੇ ਵੀਆਈਪੀਜ਼ ਨਾਲ ਐਂਬੂਲੈਂਸਾਂ ਦੀ ਤਾਇਨਾਤੀ 'ਤੇ ਰੋਕ ਲਾ ਦਿੱਤੀ ਹੈ। ਇਸ ਬਾਰੇ ਸਮੂਹ ਸਿਵਲ ਸਰਜਨਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ। ਇਹ ਫੈਸਲਾ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਫੌਰੀ ਮਦਦ ਪਹੁੰਚਾਉਣ ਲਈ ਕੀਤਾ ਗਿਆ ਹੈ। ਇਹ ਜਾਣਕਾਰੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦਿੱਤੀ ਹੈ।

Continues below advertisement


ਦੱਸ ਦਈਏ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸ਼ਨੀਵਾਰ ਨੂੰ ਮਿਨੀ ਸਕੱਤਰੇਤ ਰੂਪਨਗਰ ਵਿੱਚ ਸੀਨੀਅਰ ਅਧਿਕਾਰੀਆਂ, ਇੰਡੀਅਨ ਮੈਡੀਕਲ ਐਸੋਸੀਏਸ਼ਨ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨਾਲ ਹੜ੍ਹਾਂ ਸਬੰਧੀ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਲਈ ਫੌਰੀ ਸਿਹਤ ਸੇਵਾਵਾਂ ਯਕੀਨੀ ਬਣਾਉਣ ਦੇ ਉਦੇਸ਼ ਹਿੱਤ ਸੂਬੇ ਦੇ ਸਮੂਹ ਸਿਵਲ ਸਰਜਨਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਮੁੱਖ ਮੰਤਰੀ ਪੰਜਾਬ ਤੋਂ ਇਲਾਵਾ ਮੰਤਰੀ ਸਹਿਬਾਨ ਜਾਂ ਵੀਆਈਪੀਜ਼ ਨਾਲ ਐਂਬੂਲੈਂਸਾਂ ਦੀ ਤਾਇਨਾਤੀ ਨਾ ਕੀਤੀ ਜਾਵੇ।


ਇਹ ਵੀ ਪੜ੍ਹੋ: ਹੁਣ ਆਮ ਬੰਦੇ ਲਈ ਫਲ ਤੇ ਸਬਜ਼ੀਆਂ ਖਾਣਾ ਵੀ ਔਖਾ! ਹਫਤੇ 'ਚ ਹੀ ਚੜ੍ਹ ਗਏ ਕਈ ਗੁਣਾ ਭਾਅ


ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਲੋਕਾਂ ਨੂੰ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਰਕਾਰੀ ਤੇ ਗ਼ੈਰ ਸਰਕਾਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਨਿਰੰਤਰ ਮੈਡੀਕਲ ਕੈਂਪ ਲਾ ਕੇ ਦਵਾਈਆਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਇਲਾਕਿਆਂ ਵਿੱਚ ਪਾਣੀ ਖੜ੍ਹਾ ਹੈ, ਉੱਥੇ ਕਿਸ਼ਤੀਆਂ ਰਾਹੀਂ ਤੇ ਜਿਥੇ ਪਾਣੀ ਘੱਟ ਰਿਹਾ ਹੈ, ਉਥੇ ਐਂਬੂਲੈਂਸਾਂ ਰਾਹੀਂ ਲੋੜਵੰਦਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। 


ਉਨ੍ਹਾਂ ਦੱਸਿਆ ਕਿ ਡਾਕਟਰਾਂ ਦੀ ਘਾਟ ਪੂਰੀ ਕਰਨ ਲਈ 550 ਹਾਊਸ ਸਰਜਨਾਂ ਦੀ ਭਰਤੀ ਕੀਤੀ ਗਈ ਹੈ, ਜਿਨ੍ਹਾਂ ’ਚੋਂ 10 ਹਾਊਸ ਸਰਜਨ ਜ਼ਿਲ੍ਹਾ ਰੂਪਨਗਰ ਵਿੱਚ ਐਂਮਰਜੈਸੀ ਸੇਵਾਵਾਂ ਲਈ ਲਗਾਏ ਗਏ ਹਨ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਦੀ ਪ੍ਰਵਾਨਗੀ ਮਗਰੋਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿੱਚ 2 ਹਜ਼ਾਰ ਹੋਰ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ਼ ਦੀ ਭਰਤੀ ਪ੍ਰਕਿਰਿਆ ਵੀ ਛੇਤੀ ਹੀ ਆਰੰਭ ਦਿੱਤੀ ਜਾਵੇਗੀ।


ਇਹ ਵੀ ਪੜ੍ਹੋ: ਪੰਜਾਬ 'ਚ ਹੜ੍ਹਾਂ ਦੇ ਕਹਿਰ ਲਈ ਕੁਦਰਤ ਨਹੀਂ ਸਗੋਂ ਸਰਕਾਰਾਂ ਜ਼ਿੰਮੇਵਾਰ, ਕਿਸਾਨ ਯੂਨੀਅਨਾਂ ਦਾ ਵੱਡਾ ਦਾਅਵਾ