ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਾਂਗਰਸ, ਅਕਾਲੀ ਦਲ ਅਤੇ ਬੀਜੇਪੀ ਦੇ ਪ੍ਰਧਾਨਾਂ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਗਈ ਸੀ। ਜਿਸ ਨੂੰ ਲੈ ਕੇ ਸਰਕਾਰ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਖੁੱਲ੍ਹੀ ਬਹਿਸ ਦੇ ਲਈ ਪੰਜਾਬ ਸਰਕਾਰ ਨੇ ਥਾਂ ਤੈਅ ਕਰਨੀ ਸ਼ੁਰੂ ਕਰ ਦਿੱਤੀ ਹੈ। ਮਾਨ ਸਰਕਾਰ ਦੀ ਤਰਫੋਂ 1 ਨਵੰਬਰ ਨੂੰ ਹੋਣ ਵਾਲੇ ਇਸ ਸਮਾਗਮ ਲਈ ਪ੍ਰਸ਼ਾਸਨ ਤੋਂ ਟੈਗੋਰ ਥੀਏਟਰ ਸਥਾਨ ਦੀ ਮੰਗ ਕੀਤੀ ਗਈ ਹੈ।
ਟੈਗੋਰ ਥੀਏਟਰ ਚੰਡੀਗੜ੍ਹ ਦੇ ਸੈਕਟਰ 18 ਵਿੱਚ ਪੈਦਾ ਹੈ। ਇਸ ਵਿੱਚ ਸੰਸਕ੍ਰਿਤਕ ਸਮਾਗਮ ਕਰਵਾਏ ਜਾਂਦੇ ਹਨ। ਹੁਣ ਤੱਕ ਟੈਗੋਰ ਥੀਏਟਰ ਦਾ ਨਿਯਮ ਹੈ ਕਿ ਇੱਕ ਕੋਈ ਵੀ ਸਿਆਸੀ ਪ੍ਰੋਗਰਾਮ ਜਾਂ ਗਤੀਵਿਅਆਂ ਨਹੀਂ ਕਰਵਾਈਆਂ ਜਾ ਸਕਦੀਆਂ। ਪੰਜਾਬ ਸਰਕਾਰ ਨੇ ਟੈਗੋਰ ਥੀਏਟਰ ਪ੍ਰਸ਼ਾਸਨ ਤੋਂ ਪੁੱਛਿਆ ਹੈ ਕਿ ਕੀ 1 ਨਵੰਬਰ ਨੂੰ ਹੋਣ ਵਾਲੇ ਪ੍ਰੋਗਰਾਮ ਲਈ ਜਗ੍ਹਾ ਉਪਲਬਧ ਹੋ ਸਕਦੀ ਹੈ ਜਾਂ ਨਹੀਂ। ਇਸ ਸਬੰਧੀ ਫੈਸਲਾ ਯੂਟੀ ਚੰਡੀਗੜ੍ਹ ਦੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਕੱਤਰ ਪੱਧਰ ਦੇ ਅਧਿਕਾਰੀ ਬੁੱਧਵਾਰ ਨੂੰ ਲੈਣਗੇ।
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 1 ਨਵੰਬਰ ਨੂੰ ਵਿਰੋਧੀ ਪਾਰਟੀਆਂ ਨਾਲ ਖੁੱਲ੍ਹੀ ਬਹਿਸ ਲਈ ਸਥਾਨਕ ਟੈਗੋਰ ਥੀਏਟਰ ਨੂੰ ਸਥਾਨ ਵਜੋਂ ਚੁਣਨ 'ਤੇ ਤੰਜ ਕੱਸਿਆ ਹੈ। ਉਨ੍ਹਾਂ ਟਵੀਟ ਕੀਤਾ- SYL 'ਤੇ ਬਹਿਸ ਲਈ ਟੈਗੋਰ ਥੀਏਟਰ ਦੀ ਚੋਣ ਕਰਕੇ ਭਗਵੰਤ ਮਾਨ ਨੇ ਸਾਬਤ ਕਰ ਦਿੱਤਾ- ਪੁਰਾਣੀਆਂ ਆਦਤਾਂ ਨਹੀਂ ਜਾਂਦੀਆਂ! ਜਾਖੜ ਨੇ ਅੱਗੇ ਸ਼ਾਇਰੀ 'ਚ ਕਿਹਾ ਕਿ ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ-ਪੋਰੀਆਂ ਜੀ
SYL ਮੁੱਦੇ 'ਤੇ ਵਿਰੋਧੀ ਧਿਰਾਂ ਲਗਾਤਾਰ ਸਰਕਾਰ 'ਤੇ ਸਵਾਲ ਖੜ੍ਹੀਆਂ ਕਰ ਰਹੀਆਂ ਹਨ ਕਿ ਸੁਪਰੀਮ ਕੋਰਟ ਵਿੱਚ ਪੰਜਾਬ ਸਰਕਾਰ ਨੇ ਪੱਖ ਰੱਖਿਆ ਹੈ ਕਿ ਵਿਰੋਧੀ ਧਿਰਾਂ ਸਾਨੂੰ ਨਹਿਰ ਨਹੀਂ ਬਣਾਉਣ ਦਿੰਦੀਆਂ। ਜਿਸ ਤੋਂ ਬਾਅਦ ਬੀਜੇਪੀ, ਕਾਂਗਰਸ ਅਤੇ ਅਕਾਲੀ ਦਲ ਨੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਸੀ। ਇਸ ਦੌਰਾਨ ਸੀਐਮ ਭਗਵੰਤ ਮਾਨ ਨੇ ਚੈਲੰਜ ਕਰਦਿਆਂ ਕਿਹਾ ਸੀ ਕਿ - ਭਾਜਪਾ ਪ੍ਰਧਾਨ ਜਾਖੜ ਜੀ , ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਦੇ ਰਾਜਾ ਵੜਿੰਗ-ਪ੍ਰਤਾਪ ਬਾਜਵਾ ਜੀ ਨੂੰ ਮੇਰਾ ਖੁੱਲਾ ਸੱਦਾ ਹੈ ਕਿ ਰੋਜ਼-ਰੋਜ਼ ਦੀ ਕਿੱਚ ਕਿੱਚ ਨਾਲੋਂ ਆਜੋ ਆਪਾਂ ਪੰਜਾਬੀਆਂ ਅਤੇ ਮੀਡੀਆ ਸਾਹਮਣੇ ਬੈਠ ਕੇ ਪੰਜਾਬ ਨੂੰ ਹੁਣ ਤੱਕ ਕੀਹਨੇ ਕਿਵੇਂ ਲੁੱਟਿਆ, ਭਾਈ-ਭਤੀਜੇ ਸਾਲੇ-ਜੀਜੇ, ਮਿੱਤਰ ਮੁਲਾਹਜ਼ੇ, ਟੋਲ ਪਲਾਜੇ,ਜਵਾਨੀ ਕਿਸਾਨੀ,ਵਪਾਰ-ਦੁਕਨਦਾਰ, ਗੁਰੂਆਂ ਦੀ ਬਾਣੀ,ਨਹਿਰਾਂ ਦਾ ਪਾਣੀ..ਸਾਰੇ ਮੁੱਦਿਆਂ ਤੇ ਲਾਈਵ ਬਹਿਸ ਕਰੀਏ..ਤੁਸੀਂ ਆਪਣੇ ਨਾਲ ਕਾਗਜ਼ ਵੀ ਲਿਆ ਸਕਦੇ ਹੋ ਪਰ ਮੈਂ ਮੂੰਹ ਜ਼ੁਬਾਨੀ ਬੋਲਾਂਗਾ..1 ਨਵੰਬਰ ‘ਪੰਜਾਬ ਦਿਵਸ” ਵਾਲਾ ਦਿਨ ਠੀਕ ਰਹੇਗਾ..ਤੁਹਾਨੂੰ ਤਿਆਰੀ ਲਈ ਟਾਈਮ ਵੀ ਮਿਲ ਜਾਵੇਗਾ.. ਮੇਰੀ ਤਾਂ ਪੂਰੀ ਤਿਆਰੀ ਐ ਕਿਉਂਕਿ ਸੱਚ ਬੋਲਣ ਵਾਸਤੇ ਰੱਟੇ ਨਹੀਂ ਲਾਉਣੇ ਪੈਂਦੇ..