ਚੰਡੀਗੜ੍ਹ : ਆਯੁਸ਼ਮਾਨ ਸਕੀਮ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਪੰਜਾਬ ਸਰਕਾਰ ਨੇ PGI ਨੂੰ 10 ਕਰੋੜ ਰੁਪਏ ਕੀਤੇ ਜਾਰੀ ਕਰ ਦਿੱਤੇ ਹਨ , ਹਾਲਾਂਕਿ ਅਜੇ ਵੀ 5 ਕਰੋੜ ਬਕਾਇਆ ਬਾਕੀ ਹੈ। ਆਯੁਸ਼ਮਾਨ ਯੋਜਨਾ ਦੇ ਤਹਿਤ ਪਿਛਲੇ 7 ਮਹੀਨੇ ਤੋਂ ਪੰਜਾਬ ਸਰਕਾਰ ਨੇ ਬਕਾਇਆ ਨਹੀਂ ਦਿੱਤਾ ਸੀ। ਪੰਜਾਬ ਸਰਕਾਰ ਨੇ ਸੈਕਟਰ -32 ਦੇ ਸਰਕਾਰੀ ਹਸਪਤਾਲ ਨੂੰ ਵੀ 86 ਲੱਖ ਰੁਪਏ ਦੀ ਇਕ ਕਿਸ਼ਤ ਦੇ ਦਿੱਤੀ ਹੈ। ਜਿਸ ਤੋਂ ਬਾਅਦ ਹਸਪਤਾਲ ਪ੍ਰਸ਼ਾਸ਼ਨ ਨੇ ਮੁੜ ਤੋਂ ਆਯੁਸ਼ਮਾਨ ਯੋਜਨਾ ਦੇ ਤਹਿਤ ਮੁਫ਼ਤ ਇਲਾਜ ਸ਼ੁਰੂ ਕਰ ਦਿੱਤਾ ਹੈ। ਸੈਕਟਰ 32 ਦੇ ਹਸਪਤਾਲ ਦਾ ਸਰਕਾਰ ਨੇ 2 ਕਰੋੜ 20 ਲੱਖ ਰੁਪਏ ਦੇਣਾ ਸੀ , ਜਿਸ 'ਚੋਂ ਅਜੇ 86 ਲੱਖ ਦੇ ਦਿੱਤਾ ਹੈ। 


 

 ਚੰਡੀਗੜ੍ਹ ਪੀਜੀਆਈ ਨੇ ਪਿਛਲੇ ਦਿਨੀਂ ਪੰਜਾਬ ਦੇ ਆਯੂਸ਼ਮਾਨ ਸਕੀਮ ਵਾਲੇ ਮਰੀਜ਼ਾਂ ਦਾ ਇਲਾਜ ਬੰਦ ਕਰ ਦਿੱਤਾ ਸੀ, ਕਿਉਂਕਿ ਪੰਜਾਬ ਨੇ 16 ਕਰੋੜ ਦੀ ਅਦਾਇਗੀ ਨਹੀਂ ਕੀਤੀ ਸੀ। ਇਹ ਰਕਮ 21 ਦਸੰਬਰ, 2021 ਤੋਂ ਬਕਾਇਆ ਹੈ। ਇਸ ਲਈ ਪੀਜੀਆਈ ਨੇ ਪੰਜਾਬ ਸਰਕਾਰ ਨੂੰ ਵਾਰ-ਵਾਰ ਰੀਮਾਈਂਡਰ ਭੇਜੇ। ਜਿਸ ਤੋਂ ਬਾਅਦ PGI ਨੇ ਆਯੁਸ਼ਮਾਨ ਸਕੀਮ ਤਹਿਤ 1 ਅਗਸਤ ਤੋਂ ਮਰੀਜ਼ਾਂ ਦੇ ਇਲਾਜ 'ਤੇ ਪਾਬੰਦੀ ਲਗਾ ਦਿੱਤੀ ਸੀ। ਪੀਜੀਆਈ ਇਸ ਸਕੀਮ ਤਹਿਤ ਪੰਜਾਬ ਦੇ 1200 ਤੋਂ 1400 ਮਰੀਜ਼ਾਂ ਦਾ ਇਲਾਜ ਕਰਦਾ ਹੈ।

 
ਓਧਰ ਵਿੱਤ ਮੰਤਰੀ ਹਰਪਾਲ ਚੀਮਾ ਨੇ ਪੈਸੇ ਜਾਰੀ ਕਰਨ ਦਾ ਦਾਅਵਾ ਕੀਤਾ ਸੀ ਪਰ ਪੀਜੀਆਈ ਨੇ ਇਸ ਤੋਂ ਇਨਕਾਰ ਕੀਤਾ ਸੀ। ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਸਿਹਤ ਮੰਤਰਾਲੇ ਨੇ ਪੀਜੀਆਈ ਨੂੰ ਇਲਾਜ ਜਾਰੀ ਰੱਖਣ ਲਈ ਕਿਹਾ। ਪੰਜਾਬ ਵਿੱਚ ਵੀ ਇਸ ਸਕੀਮ ਤਹਿਤ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਬੰਦ ਕਰ ਦਿੱਤਾ ਗਿਆ ਹੈ। ਸੀਐਮ ਮਾਨ ਨੇ ਕਿਹਾ ਸੀ ਕਿ ਜਲਦੀ ਹੀ ਅਸੀਂ ਸਕੀਮ ਤਹਿਤ ਪੈਸੇ ਜਾਰੀ ਕਰ ਰਹੇ ਹਾਂ।

 

ਦੱਸ ਦੇਈਏ ਕਿ ਪਿਛਲੇ ਦਿਨੀਂ ਸੰਗਰੂਰ 'ਚ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਵੱਡਾ ਦਾਅਵਾ ਕੀਤਾ ਸੀ ਕਿ ਅਗਲੇ ਸਾਲ ਸਾਨੂੰ ਆਯੁਸ਼ਮਾਨ ਸਿਹਤ ਬੀਮਾ ਯੋਜਨਾ ਦੀ ਲੋੜ ਨਹੀਂ ਪਵੇਗੀ ,ਕਿਉਂਕਿ ਸੂਬੇ ਵਿੱਚ ਖੋਲ੍ਹੇ ਜਾ ਰਹੇ ਮੁਹੱਲਾ ਕਲੀਨਿਕਾਂ ਵਿੱਚ ਹੀ ਮਰੀਜ਼ ਠੀਕ ਹੋ ਜਾਣਗੇ। ਭਗਵੰਤ ਮਾਨ ਨੇ ਕਿਹਾ ਸੀ ਕਿ ਜਦੋਂ ਪੰਜਾਬ ਆਪਣੇ ਦਮ 'ਤੇ ਇਲਾਜ ਕਰਨ ਲੱਗ ਗਿਆ ਤਾਂ ਸਾਨੂੰ ਆਯੁਸ਼ਮਾਨ ਯੋਜਨਾ ਦੀ ਲੋੜ ਨਹੀਂ ਪਵੇਗੀ। ਦਿੱਲੀ ਅਤੇ ਬੰਗਾਲ ਵਿੱਚ ਹਰ ਕਿਸੇ ਦਾ ਇਲਾਜ ਮੁਫ਼ਤ ਹੈ।

ਆਯੁਸ਼ਮਾਨ ਵਿੱਚ ਸਿਰਫ਼ ਕੈਟਾਗਿਰੀ ਨੂੰ ਹੀ ਮੁਫ਼ਤ ਇਲਾਜ ਮਿਲਦਾ ਹੈ। ਅਸੀਂ ਅਗਲੇ ਸਾਲ ਤੱਕ ਮੁਹੱਲਾ ਕਲੀਨਿਕਾਂ ਅਤੇ ਹਸਪਤਾਲਾਂ ਨੂੰ ਇੰਨਾ ਵਧੀਆ ਬਣਾ ਦੇਵਾਂਗੇ ਕਿ ਲੋਕਾਂ ਨੂੰ ਆਯੁਸ਼ਮਾਨ ਯੋਜਨਾ ਦੀ ਲੋੜ ਨਹੀਂ ਪਵੇਗੀ।