ਚੰਡੀਗੜ੍ਹ: ਦੁਨੀਆ ਭਰ ਵਿੱਚ ਕੋਵਿਡ-19 ਦੇ ਨਵੇਂ ਵੇਰੀਐਂਟ ‘ਓਮੀਕਰੋਨ’ ਨੇ ਕਹਿਰ ਮਚਾ ਦਿੱਤਾ ਹੈ। ਇਸ ਮਗਰੋਂ ਪੰਜਾਬ ਸਰਕਾਰ ਵੱਲੋਂ ਸਖਤ ਹੁਕਮ ਦਿੱਤੇ ਗਏ ਹਨ। ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕੋਵਿਡ-19 ਦੀ ਸੰਭਾਵੀ ਤੀਸਰੀ ਲਹਿਰ ਦੇ ਮੱਦੇਨਜ਼ਰ ਕਰੋਨਾ ਦੀ ਜਾਂਚ ਸਬੰਧੀ ਸੂਬੇ ਵਿੱਚ ਰੋਜ਼ਾਨਾ 40 ਹਜ਼ਾਰ ਟੈਸਟ ਕਰਨ ਦੇ ਹੁਕਮ ਦਿੱਤੇ ਹਨ।

ਸੋਨੀ ਨੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਸਣੇ ਪੰਜਾਬ ਰਾਜ ਦੇ ਸਿਵਲ ਸਰਜਨ ਤੇ ਕੁਝ ਸੀਐਚਸੀ/ਪੀਐਚਸੀ ਦੇ ਸੀਨੀਅਰ ਮੈਡੀਕਲ ਅਫ਼ਸਰਾਂ ਨਾਲ ‘ਓਮੀਕਰੋਨ’ ਦੇ ਸੰਭਾਵੀ ਖ਼ਤਰੇ ਤੋਂ ਸੂਬੇ ਦੇ ਲੋਕਾਂ ਨੂੰ ਬਚਾਉਣ ਲਈ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਬਾਰੇ ਚਰਚਾ ਕੀਤੀ।

ਉਧਰ, ਪੰਜਾਬ ਵਿੱਚ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਮੁੜ ਵੱਧਣ ਲੱਗੀ ਹੈ। ਬੁੱਧਵਾਰ ਨੂੰ ਰਾਜ ਵਿੱਚ ਕਰੋਨਾਵਾਇਰਸ ਦੇ 40 ਨਵੇਂ ਕੇਸ ਸਾਹਮਣੇ ਆਏ ਹਨ ਜਦੋਂਕਿ 32 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਇਸ ਵੇਲੇ ਸੂਬੇ ਵਿੱਚ 331 ਐਕਟਿਵ ਕੇਸ ਹਨ। ਸਿਹਤ ਵਿਭਾਗ ਅਨੁਸਾਰ 24 ਘੰਟਿਆਂ ਵਿੱਚ ਕਰੋਨਾ ਕਾਰਨ ਇੱਕ ਮਰੀਜ਼ ਦੀ ਮੌਤ ਹੋ ਗਈ। ਇਹ ਮੌਤ ਜਲੰਧਰ ਵਿੱਚ ਹੋਈ ਹੈ।

ਦੱਸ ਦਈਏ ਕਿ ਕੋਰੋਨਾ ਵਾਇਰਸ ਦੀ ਲਾਗ ਦੇ ਨਵਾਂ ਰੂਪ ਓਮੀਕ੍ਰੋਨ ਨੇ ਹੁਣ ਅਮਰੀਕਾ ਤੇ ਯੂਏਈ ਵਿੱਚ ਵੀ ਦਸਤਕ ਦੇ ਦਿੱਤੀ ਹੈ। ਦੋਵਾਂ ਦੇਸ਼ਾਂ ਵਿੱਚ ਓਮੀਕ੍ਰੋਨ ਦਾ ਇੱਕ-ਇੱਕ ਕੇਸ ਪਾਇਆ ਗਿਆ ਹੈ। ਇਸ ਦੇ ਨਾਲ ਹੀ ਅਜਿਹੇ ਦੇਸ਼ਾਂ ਦੀ ਗਿਣਤੀ ਵਧ ਗਈ ਹੈ ਜਿੱਥੇ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਮਾਮਲੇ ਸਾਹਮਣੇ ਆਏ ਹਨ। ਹੁਣ ਘੱਟੋ-ਘੱਟ 25 ਅਜਿਹੇ ਦੇਸ਼ ਹੋ ਗਏ ਹਨ। ਇਸ ਤੋਂ ਪਹਿਲਾਂ, WHO ਵਲੋਂ ਦੱਸਿਆ ਗਿਆ ਸੀ ਕਿ Omicron ਘੱਟੋ-ਘੱਟ 23 ਦੇਸ਼ਾਂ ਵਿੱਚ ਫੈਲ ਚੁੱਕਾ ਹੈ। WHO ਦੇ ਇਸ ਬਿਆਨ ਤੋਂ ਬਾਅਦ ਅਮਰੀਕਾ ਅਤੇ UAE ਵਿੱਚ ਓਮਿਕ੍ਰੋਨ ਦੇ ਮਾਮਲੇ ਸਾਹਮਣੇ ਆਏ ਹਨ।