ਸ਼ੰਕਰ ਦਾਸ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਵਿੱਚ ਸਰਕਾਰ ਬਦਲਣ ਤੋਂ ਬਾਅਦ ਵੀ ਪੁਰਾਣੇ ਵਿਧਾਇਕ ਤੇ ਮੰਤਰੀ ਸਰਕਾਰੀ ਫਲੈਟ ਤੇ ਗੱਡੀਆਂ ਛੱਡਣ ਲਈ ਤਿਆਰ ਨਹੀਂ। ਹੁਣ ਪੰਜਾਬ ਸਰਕਾਰ ਨੇ ਇਸ ਬਾਰੇ ਵੱਡਾ ਐਕਸ਼ਨ ਲਿਆ ਹੈ। ਸਰਕਾਰ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਬਿਕਰਮ ਮਜੀਠੀਆ ਨੂੰ ਫਲੈਟ ਖਾਲੀ ਕਰਨ ਲਈ ਕਿਹਾ ਹੈ।
ਇਸ ਦੇ ਨਾਲ ਹੀ ਕਾਂਗਰਸ ਸਰਕਾਰ ਵਿੱਚ ਡਿਪਟੀ ਸੀਐਮ ਰਹੇ ਵਿਧਾਇਕ ਸੁਖਜਿੰਦਰ ਰੰਧਾਵਾ ਨੂੰ ਇਨੋਵਾ ਕਾਰ ਵਾਪਸ ਕਰਨ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਸਾਬਕਾ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪਰਗਟ ਸਿੰਘ ਨੂੰ ਵੀ ਕਾਰ ਵਾਪਸ ਕਰਨ ਲਈ ਨੋਟਿਸ ਦਿੱਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਪੰਜ ਵਾਰ ਪੰਜਾਬ ਦੇ CM ਰਹਿ ਚੁੱਕੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਸੈਕਟਰ 4 ਵਿੱਚ ਫਲੈਟ ਨੰਬਰ 37 ਅਲਾਟ ਕੀਤਾ ਗਿਆ ਸੀ। ਇਸ ਵਾਰ ਪ੍ਰਕਾਸ਼ ਸਿੰਘ ਬਾਦਲ ਵਿਧਾਨ ਸਭਾ ਚੋਣਾਂ ਹਾਰ ਗਏ। ਇਸ ਲਈ ਉਨ੍ਹਾਂ ਨੂੰ ਫਲੈਟ ਖਾਲੀ ਕਰਨ ਲਈ ਕਿਹਾ ਗਿਆ ਹੈ। ਹੁਣ ਇਹ ਫਲੈਟ ਲੰਬੀ ਹਲਕੇ ਤੋਂ ਹਰਾਉਣ ਵਾਲੇ ‘ਆਪ’ ਵਿਧਾਇਕ ਗੁਰਮੀਤ ਖੁੱਡੀਆਂ ਨੂੰ ਦਿੱਤਾ ਜਾ ਰਿਹਾ ਹੈ।
ਡਰੱਗ ਮਾਮਲੇ ਵਿੱਚ ਫਸੇ ਬਿਕਰਮ ਮਜੀਠੀਆ ਦਾ ਫਲੈਟ ਨੰਬਰ 39 ਸੀ। ਇਸ ਵਾਰ ਉਹ ਅੰਮ੍ਰਿਤਸਰ ਪੂਰਬੀ ਤੋਂ ਚੋਣ ਹਾਰ ਗਏ ਸਨ। ਇਸ ਲਈ ਉਨ੍ਹਾਂ ਨੂੰ ਫਲੈਟ ਖਾਲੀ ਕਰਨ ਲਈ ਵੀ ਕਿਹਾ ਗਿਆ ਹੈ। ਹਾਲਾਂਕਿ ਉਨ੍ਹਾਂ ਦੀ ਪਤਨੀ ਗਨੀਵ ਕੌਰ ਮਜੀਠੀਆ ਵਿਧਾਇਕ ਚੁਣੀ ਗਈ ਹੈ। ਉਨ੍ਹਾਂ ਇਸ ਫਲੈਟ ਮੰਗਿਆ ਵੀ ਕੀਤੀ ਸੀ ਪਰ ਤਕਨੀਕੀ ਕਾਰਨਾਂ ਕਰਕੇ ਅਜਿਹਾ ਨਹੀਂ ਹੋ ਸਕਿਆ।
ਨਿਯਮਾਂ ਮੁਤਾਬਕ ਗਨੀਵ ਕੌਰ ਮਜੀਠੀਆ ਨੇ ਅਜੇ ਤੱਕ ਵਿਧਾਇਕ ਵਜੋਂ ਸਹੁੰ ਨਹੀਂ ਚੁੱਕੀ। ਇਸ ਦੇ ਨਾਲ ਹੀ ਪਾਰਟੀ ਦੇ ਵਿਧਾਇਕਾਂ ਦੀ ਗਿਣਤੀ ਸਿਰਫ਼ ਤਿੰਨ ਹੈ। ਮਨਪ੍ਰੀਤ ਇਆਲੀ ਨੂੰ ਪਹਿਲਾਂ ਹੀ ਅਕਾਲੀ ਕੋਟੇ ਵਿੱਚੋਂ ਫਲੈਟ ਮਿਲ ਚੁੱਕਾ ਹੈ। ਇਸ ਲਈ ਇਹ ਫਲੈਟ ਹੁਣ ਚਮਕੌਰ ਸਾਹਿਬ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਹਰਾਉਣ ਵਾਲੇ ਡਾ. ਚਰਨਜੀਤ ਸਿੰਘ ਨੂੰ ਅਲਾਟ ਕੀਤਾ ਗਿਆ ਹੈ।
ਦਰਅਸਲ ਸੁਖਜਿੰਦਰ ਰੰਧਾਵਾ ਡਿਪਟੀ ਸੀਐਮ ਸਨ ਤਾਂ ਉਨ੍ਹਾਂ ਨੂੰ ਇਨੋਵਾ ਕ੍ਰਿਸਟਾ ਗੱਡੀ ਅਲਾਟ ਕੀਤੀ ਗਈ ਸੀ। ਭਾਵੇਂ ਇਸ ਵਾਰ ਵੀ ਉਹ ਵਿਧਾਇਕ ਬਣੇ ਪਰ ਉਨ੍ਹਾਂ ਦੀ ਸਰਕਾਰ ਨਹੀਂ ਬਣ ਸਕੀ। ਇਸ ਕਾਰਨ ਟਰਾਂਸਪੋਰਟ ਵਿਭਾਗ ਵੱਲੋਂ ਇਹ ਗੱਡੀ ਵਾਪਸ ਮੰਗਵਾਈ ਹੈ।