Punajb News: ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਐਲਾਨ ਕੀਤਾ ਹੈ ਕਿ ਸੂਬੇ ਵਿੱਚ ਜਨ ਔਸ਼ਧੀ ਤੋਂ ਵੀ ਘੱਟ ਕੀਮਤ 'ਤੇ ਦਵਾਈਆਂ ਮਿਲਣਗੀਆਂ। ਸਿਹਤ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਦੇ ਹਰ ਸਰਕਾਰੀ ਹਸਪਤਾਲ ਵਿੱਚ ਅਜਿਹੀ ਦੁਕਾਨ ਖੋਲ੍ਹੀ ਜਾਵੇਗੀ ਜਿਸ ਵਿੱਚ ਜਨ ਔਸ਼ਧੀ ਤੋਂ ਵੀ ਘਟ ਕੀਮਤ ਤੇ ਦਵਾਈ ਦਿੱਤੀ ਜਾਵੇਗੀ।


ਦਰਅਸਲ ਪੰਜਾਬ ਦੇ ਹਸਪਤਾਲਾਂ ਤੇ ਮੈਡੀਕਲ ਦੀਆਂ ਦੁਕਾਨਾਂ ਉੱਪਰ ਧੜੱਲੇ ਨਾਲ ਲੁੱਟ ਹੋ ਰਹੀ ਹੈ। ਇਸ ਬਾਰੇ ਪੰਜਾਬ ਵਿਧਾਨ ਸਭਾ ਵਿੱਚ ਖੁਲਾਸਾ ਸੱਤਾਧਿਰ ਤੇ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਖੁਦ ਹੀ ਕੀਤਾ ਸੀ। ਅਹਿਮ ਗੱਲ ਹੈ ਕਿ ਡਾਕਟਰੀ ਪੇਸ਼ੇ ਨਾਲ ਜੁੜੇ ਵਿਧਾਇਕਾਂ ਨੇ ਇਸ ਗੋਰਖਧੰਦੇ ਦੀਆਂ ਪਰਤਾਂ ਖੋਲ੍ਹੀਆਂ ਸੀ। ਇਸ ਦੇ ਨਾਲ ਹੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦਾ ਦਖਲ ਵੀ ਮੰਗਿਆ। 


ਪੰਜਾਬ ਵਿਧਾਨ ਸਭਾ ’ਚ ਮਹਿੰਗੀਆਂ ਦਰਾਂ ’ਤੇ ਦਵਾਈਆਂ ਵੇਚੇ ਜਾਣ ਕਾਰਨ ਲੋਕਾਂ ਦੀ ਹੁੰਦੀ ਲੁੱਟ ਰੋਕਣ ਲਈ ਮਤਾ ਪਾਸ ਕੀਤਾ ਗਿਆ ਸੀ। ਵਿਧਾਇਕ ਡਾ. ਚਰਨਜੀਤ ਸਿੰਘ ਨੇ ਸਦਨ ਵਿੱਚ ਇਸ ਬਾਰੇ ਗੈਰ ਸਰਕਾਰੀ ਮਤਾ ਪੇਸ਼ ਕੀਤਾ ਜਿਸ ਨੂੰ ਸਰਬਸੰਮਤੀ ਨਾਲ ਲੰਮੀ ਬਹਿਸ ਮਗਰੋਂ ਪਾਸ ਕੀਤਾ ਗਿਆ ਸੀ। ਸਦਨ ਨੇ ਰਾਜ ਸਰਕਾਰ ਨੂੰ ਮਤਾ ਪਾਸ ਕਰਕੇ ਸਿਫ਼ਾਰਸ਼ ਕੀਤੀ ਹੈ ਕਿ ਦਵਾਈਆਂ ਵਿੱਚ ਹੁੰਦੀ ਲੁੱਟ ਰੋਕਣ ਲਈ ਕੇਂਦਰ ਸਰਕਾਰ ਤੱਕ ਪਹੁੰਚ ਕੀਤੀ ਜਾਵੇ। 


ਦੱਸ ਦਈਏ ਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਵੱਲੋਂ ਦਵਾਈਆਂ ਦੀ ਬੇਲੋੜੀ ਕੀਮਤ ਨੂੰ ਲੈ ਕੇ ਤੇ ਦਵਾਈਆਂ ਦੀ ਲੁੱਟ ਨੂੰ ਰੋਕਣ ਲਈ ਨਿੱਜੀ ਤੌਰ ’ਤੇ ਦਿਲਚਸਪੀ ਲਈ ਗਈ ਹੈ ਜਿਸ ਤਹਿਤ ਉਨ੍ਹਾਂ ਨੇ ਪਿਛਲੇ ਦਿਨਾਂ ਵਿਚ ਇੱਕ ਵਿਚਾਰ ਚਰਚਾ ਵੀ ਰੱਖੀ ਸੀ। ਸਦਨ ਵਿੱਚ ਖ਼ਾਸ ਤੌਰ ’ਤੇ ਡਾਕਟਰੀ ਕਿੱਤੇ ਨਾਲ ਜੁੜੇ ਵਿਧਾਇਕਾਂ ਨੇ ਆਪਣਾ ਪੱਖ ਪੇਸ਼ ਕੀਤਾ। 


ਦੱਸ ਦਈਏ ਕਿ ਬਜਟ ਵਿੱਚ ਪੰਜਾਬ ਸਰਕਾਰ ਨੇ ਸਿਹਤ ਖੇਤਰ ਲਈ 4781 ਕਰੋੜ ਰੁਪਏ ਰੱਖੇ ਹਨ। ਹੁਸ਼ਿਆਰਪੁਰ ਤੇ ਕਪੂਰਥਲਾ ਵਿੱਚ ਦੋ ਨਵੇਂ ਮੈਡੀਕਲ ਕਾਲਜ ਖ਼ੋਲ੍ਹੇ ਜਾ ਰਹੇ ਹਨ। ਇਨ੍ਹਾਂ ਦੋਵਾਂ ਕਾਲਜਾਂ ਵਿੱਚ 100-100 ਐਮਬੀਬੀਐਸ ਸਰਕਾਰੀ ਸੀਟਾਂ ਹੋਣਗੀਆਂ। ਦੋਵਾਂ ਮੈਡੀਕਲ ਕਾਲਜਾਂ ਲਈ ਕ੍ਰਮਵਾਰ 422 ਤੇ 412 ਕਰੋੜ ਰੁਪਏ ਰਾਖ਼ਵੇਂ ਹਨ।


ਫ਼ਾਜ਼ਿਲਕਾ ਵਿੱਚ ਕੈਂਸਰ ਕੇਅਰ ਯੂਨਿਟ ਜਲਦ ਸ਼ੁਰੂ ਹੋਏਗਾ। ਮੈਡੀਕਲ ਸਿੱਖਿਆ ਤੇ ਖ਼ੋਜ ਲਈ 1015 ਕਰੋੜ ਰੁਪਏ ਰਾਖ਼ਵੇਂ ਹਨ। ਸਿਹਤ ਕੇਂਦਰਾਂ ਦੀ ਮਜ਼ਬੂਤੀ ਲਈ 39 ਕਰੋੜ ਰੁਪਏ ਰੱਖੇ ਗਏ ਹਨ। ਹੋਮੀ ਭਾਭਾ ਕੈਂਸਰ ਸੈਂਟਰ ਲਈ 17 ਕਰੋੜ ਰੁਪਏ ਰੱਖੇ ਗਏ ਹਨ।