ਚੰਡੀਗੜ੍ਹ: ਕੋਰੋਨਾ ਨਾਲ ਨਜਿੱਠਣ ਬਾਰੇ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ ਹੈ। ਹਾਲਾਤ ਇਹ ਹਨ ਕਿ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਆਪਣਾ ਜ਼ਿਲ੍ਹਾ ਮੁਹਾਲੀ ਵੀ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਦੇ ਪੂਰੀ ਤਰ੍ਹਾਂ ਸਮਰੱਥ ਨਹੀਂ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ’ਚ ਵੱਡੇ ਪੱਧਰ ’ਤੇ ਖਾਮੀਆਂ ਹਨ। ਜੇ ਆਉਣ ਵਾਲੇ ਸਮੇਂ ’ਚ ਹਾਲਾਤ ਵਿਗੜਦੇ ਹਨ, ਤਾਂ ਲੋਕ ਮੁਸ਼ਕਲ ’ਚ ਆ ਸਕਦੇ ਹਨ। ਇਹ ਖੁਲਾਸਾ ਕੇਂਦਰ ਸਰਕਾਰ ਵੱਲੋਂ ਭੇਜੀ ਮਾਹਿਰਾਂ ਦੀ ਟੀਮ ਵੱਲੋਂ ਪੇਸ਼ ਰਿਪੋਰਟ ਵਿੱਚ ਹੋਇਆ ਹੈ।
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਕੋਰੋਨਾ ਦੇ ਹਾਲਾਤ ਦਾ ਜਾਇਜ਼ਾ ਲੈਣ ਕੇਂਦਰ ਦੀ ਟੀਮ ਪੰਜਾਬ ਆਈ ਸੀ। ਉਸ ਨੇ ਆਪਣੀ ਰਿਪੋਰਟ ’ਚ ਇਸ ਦਾ ਜ਼ਿਕਰ ਕੀਤਾ ਹੈ। ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਨੇ ਮੁਹਾਲੀ ਦੇ ਗੰਭੀਰ ਮਰੀਜ਼ਾਂ ਨੂੰ ਚੰਡੀਗੜ੍ਹ ’ਚ ਵਧੀਆ ਇਲਾਜ ਮਿਲਣ ਦਾ ਮਾਮਲਾ ਪ੍ਰਧਾਨ ਮੰਤਰੀ ਸਾਹਮਣੇ ਉਠਾਇਆ ਹੈ। ਉੱਥੋਂ ਹਾਲੇ ਤੱਕ ਜਵਾਬ ਦੀ ਉਡੀਕ ਹੈ।
ਕੇਂਦਰੀ ਟੀਮ ਪੰਜ ਦਿਨ ਮੁਹਾਲੀ ਜ਼ਿਲ੍ਹੇ ’ਚ ਰਹੀ। ਉਸ ਨੇ ਕੁਰਾਲੀ ਸਮੇਤ ਕਈ ਹਸਪਤਾਲਾਂ ’ਚ ਦੌਰਾ ਕੀਤਾ ਤੇ ਉਨ੍ਹਾਂ ਨਾਲ ਸਿਹਤ ਮੰਤਰੀ ਖ਼ੁਦ ਵੀ ਮੌਜੂਦ ਸਨ। ਟੀਮ ਵੱਲੋਂ ਸੌਂਪੀ ਗਈ ਰਿਪੋਰਟ ’ਚ ਕਿਹਾ ਗਿਆ ਹੈ ਕਿ ਵੈਂਟੀਲੇਟਰ ਦੀ ਜ਼ਰੂਰਤ ਵਾਲੇ ਗੰਭੀਰ ਰੋਗੀਆਂ ਲਈ ਕੋਈ ਸਰਕਾਰੀ ਸੁਵਿਧਾ ਨਹੀਂ। ਸਿਹਤ ਵਿਭਾਗ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ।
ਕੇਂਦਰੀ ਟੀਮ ਨੇ ਖੁਲਾਸਾ ਕੀਤਾ ਹੈ ਕਿ ਸਾਰੇ ਗੰਭੀਰ ਰੋਗੀਆਂ ਨੂੰ ਪਟਿਆਲਾ ਭੇਜਿਆ ਜਾ ਰਿਹਾ ਹੈ। ਜਦਕਿ ਪ੍ਰਾਈਵੇਟ ਹਸਪਤਾਲ ’ਚ ਵੈਂਟੀਲੇਟਰ ਦੀ ਸੁਵਿਧਾ ਹੈ ਪਰ ਉੱਥੇ ਜਗ੍ਹਾ ਤੱਕ ਨਹੀਂ ਮਿਲ ਰਹੀ। ਟੀਮ ਦਾ ਇੱਥੋਂ ਤੱਕ ਕਹਿਣਾ ਹੈ ਕਿ ਮਹਾਮਾਰੀ ਨਾਲ ਨਿਪਟਣ ਲਈ ਕੰਟੇਨਮੈਂਟ ਜ਼ੋਨ ਸਿਰਫ਼ ਕਾਗਜ਼ਾਂ ’ਚ ਹੀ ਬਣਾਏ ਗਏ ਹਨ। ਅਸਲ ਸਥਿਤੀ ਕਾਫ਼ੀ ਵੱਖਰੀ ਹੈ।
ਮੁਲਾਜ਼ਮਾਂ ਦੀ ਕਮੀ ਦੇ ਚੱਲਦਿਆਂ ਕੋਰੋਨਾ ਨੂੰ ਰੋਕਣ ਸਬੰਧੀ ਕੌਂਟੈਕਟ ਟ੍ਰੇਸਿੰਗ ਪ੍ਰੋਗਰਾਮ ਵਿੱਚ ਵੀ ਕਮੀ ਆ ਰਹੀ ਹੈ। ਇੰਨਾ ਹੀ ਨਹੀਂ, ਟੀਮ ਨੇ ਕੋਵਿਡ ਦੇ ਮਰੀਜ਼ਾਂ ਦੇ ਇਲਾਜ ਨੂੰ ਲੈ ਕੇ ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਤੇ ਚੰਡੀਗੜ੍ਹ ਪ੍ਰਸ਼ਾਸਨ ’ਚ ਉਚਿਤ ਤਾਲਮੇਲ ਸਥਾਪਤ ਕੀਤਾ।
ਇਸ ਮਾਮਲੇ ’ਚ ਮੁਹਾਲੀ ਦੇ ਡੀਸੀ ਗਿਰੀਸ਼ ਦਿਆਲਨ ਦਾ ਕਹਿਣਾ ਹੈ ਕਿ ਰਿਪੋਰਟ ’ਚ ਜਿਹੜੇ ਮੁੱਦੇ ਉਠਾਏ ਗਏ ਸਨ, ਉਨ੍ਹਾਂ ਦਾ ਜਵਾਬ ਦਿੱਤਾ ਗਿਆ ਹੈ। ਜਿੱਥੋਂ ਤੱਕ ਗੰਭੀਰ ਮਰੀਜ਼ਾਂ ਦੀ ਸਹੂਲਤ ਦਾ ਸੁਆਲ ਹੈ; ਮੋਹਾਲੀ ਸਿਵਲ ਹਸਪਤਾਲ ਹਾਲੇ ਨਿਰਮਾਣ ਅਧੀਨ ਹੈ।
ਇਸੇ ਲਈ ਜ਼ਿਲ੍ਹੇ ਦੇ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਕੋਵਿਡ ਦੀ ਦੇਖਭਾਲ ਲਈ ਬਿਸਤਰਿਆਂ ਦੀ ਸਮਰੱਥਾ ਵਧਾਈ ਜਾਵੇ। ਇਸ ਦੇ ਨਾਲ ਹੀ ਇਲੈਕਟਿਵ ਸਰਜਰੀ ਨੂੰ ਰੋਕਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ: Kumbh Mela: ਕੁੰਭ ਦੇ ਮੇਲੇ 'ਚ ਕੋਰੋਨਾ ਵਿਸਫੋਟ, 1700 ਤੋਂ ਵੱਧ ਲੋਕ ਕੋਰੋਨਾ ਪੌਜ਼ੇਟਿਵ, ਸ਼ਰਧਾਲੂ ਦੇਸ਼ ਭਰ 'ਚ ਫੈਲਾ ਸਕਦੇ ਕੋਰੋਨਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904