ਪੰਜਾਬ ਦੀ ਸਿਆਸਤ ਅੱਜ ਕੱਲ੍ਹ ਗੈਂਗਸਟਰ ਮੁਖ਼ਤਾਰ ਅੰਸਾਰੀ ਜਾਂ ਟੋਲ ਪਲਾਜ਼ਿਆਂ ਦੇ ਆਲੇ ਦੁਆਲੇ ਦੇਖਣ ਨੂੰ ਮਿਲ ਰਹੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟੋਲ ਪਲਾਜ਼ਿਆਂ ਨੂੰ ਲੈ ਕੇ ਮਾਨ ਸਰਕਾਰ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਰਾਜਾ ਵੜਿੰਗ ਨੇ ਕਿਹਾ ਕਿ ਸਰਕਾਰ ਇਹ ਪ੍ਰਚਾਰ ਕਰ ਹੀ ਹੈ ਕਿ ਅਸੀਂ 10 ਟੋਲ ਪਲਾਜ਼ਾ ਬੰਦ ਕਰ ਦਿੱਤੇ ਹਨ। ਪਰ ਸਰਕਾਰ ਇਹ ਨਹੀਂ ਦੱਸ ਰਹੀ ਕਿ ਇਹਨਾਂ ਟੋਲ ਨੂੰ ਬੰਦ ਕਰਨ ਲਈ ਜੋ ਪ੍ਰਚਾਰ ਕੀਤਾ ਗਿਆ ਉਸ 'ਤੇ ਕਿੰਨਾ ਖਰਚਾ ਆਇਆ ਹੈ ?
ਰਾਜਾ ਵੜਿੰਗ ਨੇ ਕਿਹਾ ਕਿ ਸਰਕਾਰ ਨੇ ਇੱਕ ਟੋਲ ਪਲਾਜ਼ਾ ਬੰਦ ਕਰਨ ਲਈ ਜੋ ਪ੍ਰਚਾਰ ਕੀਤਾ ਉਸ 'ਤੇ ਕਰੀਬ 50 ਲੱਖ ਰੁਪਏ ਖ਼ਰਚਾ ਆਇਆ ਹੈ। ਇਸੇ ਤਰ੍ਹਾਂ ਭਗਵੰਤ ਮਾਨ ਆਖ ਰਹੇ ਹਨ ਕਿ ਅਸੀਂ ਸੂਬੇ ਵਿੱਚ 10 ਟੋਲ ਪਲਾਜ਼ਾ ਬੰਦ ਕਰ ਦਿੱਤੇ ਹਨ ਤਾਂ ਇਸ ਹਿਸਾਬ ਨਾਲ ਮਾਨ ਸਰਕਾਰ ਨੇ 10 ਟੋਲ ਪਲਾਜ਼ਿਆਂ ਨੂੰ ਬੰਦ ਕਰਨ ਲਈ ਪ੍ਰਚਾਰ 'ਤੇ 5 ਕਰੋੜ ਰੁਪਏ ਖ਼ਰਚ ਕਰ ਦਿੱਤੇ ਹਨ। ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜੇਕਰ ਇਸ ਹਿਸਾਬ ਨਾਲ ਸੂਬੇ ਦੇ 23 ਟੋਲ ਬੰਦ ਕਰਵਾਉਣ ਚੱਲੇ ਤਾਂ 12 ਕਰੋੜ ਰੁਪਇਆ ਪੰਜਾਬ ਦੇ ਖ਼ਜਾਨੇ 'ਚੋਂ ਉਡਾ ਦੇਣਗੇ।
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਾਅਵਾ ਕੀਤਾ ਕਿ ਭਗਵੰਤ ਮਾਨ ਸਾਡੇ 'ਤੇ ਝੂਠਾ ਇਲਜ਼ਾਮ ਲਗਾ ਰਹੇ ਹਨ ਕਿ ਅਸੀਂ ਟੋਲ ਪਲਾਜ਼ਿਆਂ ਦੀ ਮਿਆਦ ਵਧਾਈ ਅਤੇ ਸੂਬੇ ਵਿੱਚ ਸੜਕਾਂ 'ਤੇ ਟੋਲ ਲਗਾਏ। ਰਾਜਾ ਵੜਿੰਗ ਨੇ ਕਿਹਾ ਕਿ ਸਾਡੀ ਕਾਂਗਰਸ ਦੀ ਸਰਕਾਰ ਵਿੱਚ ਇੱਕ ਵੀ ਟੋਲ ਪਾਲਜ਼ਾ ਨਵਾਂ ਨਹੀਂ ਲੱਗਾ ਅਤੇ ਨਾ ਹੀ ਅਸੀਂ ਕਿਸੇ ਟੋਲ ਦੀ ਮਿਆਦ ਵਧਾਈ। ਰਾਜਾ ਵੜਿੰਗ ਨੇ ਕਿਹਾ ਕਿ ਸਰਕਾਰ ਕਾਂਗਰਸ ਤੋਂ ਡਰ ਰਹੀ ਹੈ ਕਿਉਂਕਿ ਅਸੀਂ ਮੁੱਖ ਵਿਰੋਧੀ ਧਿਰ ਹਾਂ ਇਸੇ ਲਈ ਸਾਡੇ ਲੀਡਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਰਾਜਾ ਵੜਿੰਗ ਨੇ ਖੁਲਾਸਾ ਕਰਦੇ ਹੋਏ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਸੂਬੇ ਵਿੱਚ ਤਿੰਨ ਹੋਰ ਨਵੇਂ ਟੋਲ ਪਲਾਜ਼ਾ ਲਗਾਉਣ ਜਾ ਰਹੀ ਹੈ। ਜੋ ਤਲਵੰਡ ਭਾਈ ਰੋਡ, ਫਿਰੋਜ਼ਪੁਰ-ਮਲੋਟ ਰੋਡ, ਦਾਖਾ-ਚੌਂਕੀ ਮਾਨ ਰੋਡ 'ਤੇ ਬਣਾਏ ਜਾ ਰਹੇ ਹਨ। ਹੁਣ ਸਰਕਾਰ ਇਸ ਵਾਰੇ ਵੀ ਪੰਜਾਬ ਦੀ ਜਨਤਾ ਨੂੰ ਦੱਸੇ ਕਿ ਅਸੀਂ ਵੀ ਨਵੇਂ ਟੋਲ ਲਗਾ ਰਹੇ ਹਾਂ।