Punjab News : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਪੰਜਾਬ ਸਰਕਾਰ ਵਲੋਂ ਸਮੇਂ ਤੋਂ ਪਹਿਲਾਂ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ, ਜਿ਼ਲ੍ਹਾ ਪ੍ਰੀਸ਼ਦ ਅਤੇ ਪੰਚਾਇਤੀ ਕਮੇਟੀਆਂ ਭੰਗ ਕਰਨ ਦੇ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਢੀਂਡਸਾ ਨੇ ਕਿਹਾ ਕਿ ਮਾਨ ਸਰਕਾਰ ਨੂੰ ਪੰਚਾਇਤਾਂ ਨੂੰ ਆਪਣਾ ਪੰਜ ਸਾਲ ਦਾ ਕਾਰਜਕਾਲ ਪੂਰਾ ਕਰਨ ਦੇਣਾ ਚਾਹੀਦਾ ਹੈ।



ਢੀਂਡਸਾ ਨੇ ਪੰਜਾਬ ਸਰਕਾਰ ਨੂੰ ਵਿਸ਼ੇਸ਼ ਜ਼ੋਰ ਦੇਕੇ ਕਿਹਾ ਕਿ 15 ਦਸੰਬਰ ਤੋਂ 31 ਦਸੰਬਰ ਦਰਮਿਆਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਬੰਧੀ ਹਰ ਸਾਲ ਜੋੜ ਮੇਲੇ ਵੱਡੇ ਪੱਧਰ `ਤੇ ਮਨਾਏ ਜਾਂਦੇ ਹਨ। ਜਿਸ ਵਿਚ ਪੰਜਾਬ ਅਤੇ ਦੇਸ਼ ਭਰ ਤੋਂ ਸਿੱਖ ਸੰਗਤ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਸ਼੍ਰੀ ਫ਼ਤਿਹਗੜ੍ਹ ਸਾਹਿਬ ਵਿਚ ਇਕੱਤਰ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਜੇਕਰ ਪੰਚਾਇਤੀ ਚੋਣਾਂ ਇਨ੍ਹਾਂ ਦਿਨਾਂ ਵਿਚ ਕਰਵਾਈਆਂ ਜਾਂਦੀਆਂ ਹਨ ਤਾਂ ਬਹੁਤ ਸਾਰੇ ਵੋਟਰ ਆਪਣੇ ਵੋਟ ਦੇ ਹੱਕ ਤੋਂ ਵਾਂਝੇ ਰਹਿ ਜਾਣਗੇ। ਇਸ ਲਈ ਮੇਰੀ ਮਾਨ ਸਰਕਾਰ ਨੂੰ ਅਪੀਲ ਹੈ ਕਿ ਗ੍ਰਾਮ ਪੰਚਾਇਤਾਂ ਨੂੰ ਆਪਣਾ ਕਾਰਜਕਾਲ ਪੂਰਾ ਕਰਨ ਦਿੱਤਾ ਜਾਵੇ।

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਪੰਚਾਇਤਾਂ ਦਾ ਕਾਰਜਕਾਲ ਜਨਵਰੀ 2024 ਵਿੱਚ ਪੂਰਾ ਹੋਵਾਗਾ ,ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਪੰਜਾਬ ਦੀਆਂ ਗ੍ਰਾਮ ਪੰਚਾਇਤਾਂ ਨੂੰ ਸਮੇਂ ਤੋਂ ਪਹਿਲਾਂ ਹੀ ਭੰਗ ਕਰ ਦਿੱਤਾ ਗਿਆ ਹੈ ਤਾਂ ਜੋ ਨਿਯੁਕਤ ਕੀਤੇ ਗਏ ਪ੍ਰਬੰਧਕਾਂ ਨਾਲ ਆਪਣੇ ਸਵਾਰਥ ਦੇ ਕੰਮ ਕਰਵਾਏ ਜਾ ਸਕਣ ਅਤੇ ਪੰਚਾਇਤੀ ਚੋਣਾਂ ਵਿੱਚ ਆਪਣੇ ਸਰਪੰਚ ਬਣਾਕੇ ਲੋਕ ਸਭਾ ਚੋਣਾਂ ਵਿੱਚ ਆਪਣੀ ਪਾਰਟੀ ਲਈ ਲਾਹਾ ਖੱਟਿਆ ਜਾ ਸਕੇ।

ਢੀਂਡਸਾ ਨੇ ਅੱਗੇ ਕਿਹਾ ਕਿ ਗ੍ਰਾਮ ਪੰਚਾਇਤਾਂ ਵੱਲੋਂ ਪਿੰਡਾਂ ਵਿੱਚ ਵਿਕਾਸ ਦੇ ਕੰਮ ਜੰਗੀ ਪੱਧਰ ਤੇ ਕਰਵਾਏ ਜਾ ਰਹੇ ਸਨ। ਉਨ੍ਹਾਂ ਦੀ ਅਦਾਇਗੀ ਕਰਨ `ਤੇ ਸਰਕਾਰ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਪੰਚਾਇਤਾਂ ਦੇ ਖਾਤੇ ਵੀ ਰੋਕ ਦਿੱਤੇ ਗਏ ਹਨ। ਜਿਸ ਕਾਰਨ ਵਿਕਾਸ ਕੰਮਾਂ ਲਈ ਉਧਾਰ ਖਰੀਦੇ ਗਏ ਸਮਾਨ ਦੀ ਰਕਮ ਸਰਪੰਚਾਂ ਦੇ ਸਿਰ ਪੈ ਗਈ ਹੈ ਅਤੇ ਕਈਂ- ਕਈਂ ਲੱਖ ਦੀ ਰਕਮ ਉਧਾਰ ਹੋਣ ਕਾਰਨ ਬਹੁਤ ਸਾਰੇ ਸਰਪੰਚਾਂ ਦੇ ਆਤਮ ਹੱਤਿਆਂ ਦੇ ਰਾਹ ਪੈ ਜਾਣ ਦੇ ਹਾਲਾਤ ਬਣ ਗਏ ਹਨ।

ਉਨ੍ਹਾਂ ਕਿਹਾ ਕਿ ਹਾਲੇ ਗ੍ਰਾਮ ਪੰਚਾਇਤਾਂ ਦੀਆਂ ਵੋਟਰ ਸੂਚੀਆਂ ਵੀ ਤਿਆਰ ਨਹੀਂ ਹੋਈਆਂ ਹਨ। ਵਾਰਡ ਬੰਦੀ ਅਤੇ ਪੰਚਾਇਤ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚੋਣ ਹਲਕੇ ਵੀ ਨਹੀ ਬਣੇ ਹਨ। ਜਿਨ੍ਹਾਂ ਤਹਿਤ ਇਹ ਵੋਟਰ ਸੂਚੀਆਂ ਤਿਆਰ ਹੋਣੀਆਂ ਹਨ। ਇਸ ਲਈ ਪੰਜਾਬ ਸਰਕਾਰ ਨੂੰ ਗ੍ਰਾਮ ਪੰਚਾਇਤਾਂ ਨੂੰ ਆਪਣਾ ਕਾਰਜਕਾਲ ਪੂਰਾ ਕਰਨ ਦੇਣਾ ਚਾਹੀਦਾ ਹੈ ਤਾਂ ਜੋ ਪਿੰਡਾਂ ਦੇ ਰੁਕੇ ਹੋਏ ਵਿਕਾਸ ਕਾਰਜ ਪੂਰੇ ਹੋ ਸਕਣ।