Punjab News: ਸਾਬਕਾ ਸਿਹਤ ਮੰਤਰੀ ਤੇ ‘ਆਪ’ ਵਿਧਾਇਕ ਚੇਤਨ ਸਿੰਘ ਜੌੜੇਮਾਜਰਾ ਮੁੜ ਵਿਵਾਦਾਂ ਵਿੱਚ ਆ ਗਏ ਹਨ। ਵਿਧਾਇਕ ਜੌੜਾਮਾਜਾਰਾ ਨੂੰ ਹੁਣ ਅਧਿਆਪਕਾਂ ਉਪਰ ਗੁੱਸਾ ਚੜ੍ਹ ਗਿਆ ਤੇ ਸਟੇਜ ਉਪਰੋਂ ਹੀ ਪ੍ਰਿੰਸੀਪਲ ਤੇ ਅਧਿਆਪਕਾਂ ਦੀ ਲਾਹਪਾਹ ਕਰ ਦਿੱਤੀ। ਵੀਡੀਓ ਵਾਇਰਲ ਹੋਣ ਮਗਰੋਂ ਡੈਮੋਕਰੈਟਿਕ ਟੀਚਰਜ਼ ਫਰੰਟ (ਡੀਟੀਐਫ) ਤੇ ਵਿਰੋਧੀ ਧਿਰਾਂ ਵੱਲੋਂ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ।

ਇਸ ਦੌਰਾਨ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ AAP ਸਰਕਾਰ ਦੀ ਸਿੱਖਿਆ ਕ੍ਰਾਂਤੀ ਮੁਹਿੰਮ ਪੂਰੀ ਤਰ੍ਹਾਂ ਅਸਫ਼ਲ ਸਾਬਿਤ ਹੋਈ ਹੈ। ਪਹਿਲਾਂ, ਅਧਿਆਪਕਾਂ ਨੂੰ ਉਦਘਾਟਨੀ ਪ੍ਰੋਗਰਾਮਾਂ ਦਾ ਪ੍ਰਬੰਧ ਕਰਨ ਲਈ ਲੋੜੀਂਦੇ ਫੰਡ ਪ੍ਰਦਾਨ ਨਹੀਂ ਕੀਤੇ ਗਏ ਹਨ ਅਤੇ ਫਿਰ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਜਿਵੇਂ ਕਿ ਚੇਤਨ ਸਿੰਘ ਜੋੜਾਮਾਜਰਾ ਦੇ ਹੰਕਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਨੇ ਸਮਾਣਾ ਦੇ ਸਕੂਲ ਆਫ਼ ਐਮੀਨੈਂਸ ਦੇ ਅਧਿਆਪਕਾਂ 'ਤੇ ਗਲਤ ਪ੍ਰਬੰਧਾਂ ਦਾ ਦੋਸ਼ ਲਗਾਇਆ। ਅਧਿਆਪਕ 'AAP' ਦੇ ਮੂਰਖਤਾਪੂਰਨ ਵਿਚਾਰਾਂ ਨੂੰ ਪੂਰਾ ਕਰਨ ਲਈ ਆਪਣੀਆਂ ਜੇਬਾਂ ਤੋਂ ਪੈਸੇ ਕਿਉਂ ਖ਼ਰਚ ਕਰਨ? ਇਸ ਤੋਂ ਇਲਾਵਾ, ਕੀ ਮੁੱਖ ਮੰਤਰੀ ਭਗਵੰਤ ਮਾਨ ਦੱਸ ਸਕਦੇ ਹਨ ਕਿ ਜਦੋਂ ਮਨੀਸ਼ ਸਿਸੋਦੀਆ ਕੋਲ ਕੋਈ ਸੰਵਿਧਾਨਕ ਅਹੁਦਾ ਨਹੀਂ ਹੈ ਤਾਂ ਉਨ੍ਹਾਂ ਦਾ ਨਾਮ ਤਖ਼ਤੀ ਉੱਤੇ ਕਿਉਂ ?

 

ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਪਹਿਲਾਂ ਅਧਿਆਪਕਾਂ ਨੂੰ IT cell ਵਾਂਗ ਵਰਤਣ ਦੇ ਤਾਨਾਸ਼ਾਹੀ ਹੁਕਮ ਅਤੇ ਹੁਣ ਮਾਪਿਆਂ ਦੀ ਹਾਜ਼ਰੀ ਨਾ ਹੋਣ 'ਤੇ ਅਧਿਆਪਕਾਂ ਨੂੰ ਧਮਕਾਉਣਾ—ਅਧਿਆਪਕਾਂ ਨੂੰ ਸਿਆਸੀ ਮੁਫਾਦਾਂ ਲਈ ਵਰਤਣਾ ਅਤੇ ਧਮਕਾਉਣਾ ਦੋਨੋਂ ਬੇਹੱਦ ਸ਼ਰਮਨਾਕ ਹਨ। ਮੁੱਖ ਮੰਤਰੀ ਭਗਵੰਤ ਮਾਨ ਜੀ, ਪਿਛਲੇ ਹਫ਼ਤੇ ਹੀ ਅਧਿਆਪਕ-ਮਾਪੇ ਮੀਟਿੰਗਾਂ ਰੱਖੀਆਂ ਗਈਆਂ ਸਨ, ਹੁਣ ਜਦ ਫ਼ਸਲ ਦੀ ਵਾਢੀ ਚੱਲ ਰਹੀ ਹੈ, ਤਾਂ ਮਾਪੇ ਵਿਅਸਤ ਹਨ। ਲੇਟ ਮੰਤਰੀ ਜੀ ਹੋਏ ਤੇ ਖਾਲੀ ਕੁਰਸੀਆਂ ਦਾ ਗੁੱਸਾ ਅਧਿਆਪਕਾਂ 'ਤੇ ਕੱਢ ਰਹੇ ਹਨ! ਅਧਿਆਪਕਾਂ ਤੇ ਮਾਪਿਆਂ ਨੂੰ ਦਿੱਲੀ ਵਾਲਿਆਂ ਦੇ ਕਹਿਣ 'ਤੇ ਆਪਣੇ ਸਿਆਸੀ ਲਾਭ ਲਈ ਨਾ ਘਸੀਟੋ! ਤੇ ਆਪਣੇ ਵਿਧਾਇਕਾਂ ਨੂੰ ਅਧਿਆਪਕਾਂ ਨਾਲ ਗੱਲ ਕਰਨ ਦਾ ਸਲੀਕਾ ਸਿਖਾਓ! 

ਡੈਮੋਕਰੈਟਿਕ ਟੀਚਰਜ਼ ਫਰੰਟ ਨੇ ਕੀ ਕਿਹਾ ?

ਡੈਮੋਕਰੈਟਿਕ ਟੀਚਰਜ਼ ਫਰੰਟ (ਡੀਟੀਐਫ) ਨੇ ‘ਆਪ’ ਸਰਕਾਰ ’ਤੇ ਸਰਕਾਰੀ ਸਕੂਲਾਂ ਦਾ ਸਿਆਸੀਕਰਨ ਕਰਨ ਦੇ ਦੋਸ਼ ਲਾਏ ਹਨ। ਡੀਟੀਐੈਫ ਆਗੂਆਂ ਨੇ ਸੋਮਵਾਰ ਨੂੰ ਸਿੱਖਿਆ ਕ੍ਰਾਂਤੀ ਨੂੰ ਪ੍ਰਫੁੱਲਤ ਕਰਨ ਦੇ ਨਾਮ ’ਤੇ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿਚ ‘ਆਪ’ ਵਿਧਾਇਕਾਂ ਨੂੰ ਭੇਜਣ ਦੀ ਕਾਰਵਾਈ ਦੇ ਹਵਾਲੇ ਨਾਲ ਕਿਹਾ ਕਿ ਸੂਬਾ ਸਰਕਾਰ ਸਰਕਾਰੀ ਸਕੂਲਾਂ ’ਚ ਸਿਆਸੀ ਦਖਲਅੰਦਾਜ਼ੀ ਬੰਦ ਕਰੇ। ਜਥੇਬੰਦੀ ਨੇ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜੇਮਾਜਰਾ ’ਤੇ ਅਜਿਹੇ ਹੀ ਇੱਕ ਸਮਾਗਮ ਦੌਰਾਨ ਸਕੂਲ ਦੀ ਸਟੇਜ ਤੋਂ ਅਧਿਆਪਕਾਂ ਦੀ ਲਾਹਪਾਹ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਅਧਿਆਪਕ ਵਰਗ ਸਕੂਲਾਂ ’ਚ ਅਜਿਹਾ ਬਦਸੂਰਤ ਮਾਹੌਲ ਸਿਰਜਣ ਦੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ ਅਧਿਆਪਕ ਵਰਗ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਣ ਲਈ ਵਿਧਾਇਕ ਜੌੜਾਮਾਜਰਾ ਬਿਨਾਂ ਸ਼ਰਤ ਮੁਆਫੀ ਮੰਗਣ।

ਕੀ ਹੈ ਪੂਰਾ ਮਾਮਲਾ ?

ਦਰਅਸਲ ਸੋਮਵਾਰ ਨੂੰ ਵਿਧਾਇਕ ਜੌੜਾਮਾਜਰਾ ਸਮਾਣਾ ਦੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਤੇ ਅਧਿਆਪਕਾਂ ’ਤੇ ਜੰਮ ਕੇ ਵਰ੍ਹੇ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸਕੂਲ ਆਫ਼ ਐਮੀਨੈਂਸ ਦੀ ਚਾਰਦੀਵਾਰੀ ਦੇ ਉਦਘਾਟਨ ਸਮੇਂ ਜੌੜੇਮਾਜਰਾ ਉਥੇ ਪੁੱਜੇ। ਕਰੀਬ 2.35 ਮਿੰਟ ਦੀ ਵਾਇਰਲ ਹੋ ਰਹੀ ਵੀਡੀਓ ’ਚ ਦਿਖਾਈ ਦੇ ਰਿਹਾ ਹੈ ਕਿ ਜੌੜੇਮਾਜਰਾ ਨੂੰ ਜਦੋਂ ਇਕੱਠ ਨੂੰ ਸੰਬੋਧਨ ਕਰਨ ਲਈ ਸੱਦਿਆ ਗਿਆ ਤਾਂ ਉਹ ਮਾਹੌਲ ਨੂੰ ਦੇਖ ਕੇ ਖਿੱਝ ਗਏ। ਉਨ੍ਹਾਂ ਮਾਈਕ ਸੰਭਾਲਦਿਆਂ ਹੀ ਮਾੜੇ ਪ੍ਰਬੰਧਾਂ ਲਈ ਪ੍ਰਿੰਸੀਪਲ ਹਰਜੋਤ ਕੌਰ ਨੂੰ ਝਾੜ ਮਾਰੀ। 

ਵੀਡੀਓ ਵਿੱਚ ਉਹ ਆਖਦੇ ਦਿਖਾਈ ਦੇ ਰਹੇ ਹਨ, ‘‘ਟੋਟਲ ਫੇਲ੍ਹ ਹੈ ਪ੍ਰੋਗਰਾਮ ਤੁਹਾਡਾ। ਕੋਈ ਹੈ ਮਾੜਾ ਮੋਟਾ ਦਿਮਾਗ ਕੰਮ ਕਰਦਾ। ਤੁਹਾਡੀ ਕੋਈ ਮਾੜੀ ਮੋਟੀ ਪਾਵਰ ਬੱਚਿਆਂ ’ਤੇ ਹੈ। ਏਹ ਸਕੂਲ ਥੋੜ੍ਹੀ ਹੈ। ਸਕੂਲ ਵਾਲੀ ਗੱਲ ਹੀ ਨਹੀਂ ਹੈ ਇੱਥੇ।’’ ਪ੍ਰੋਗਰਾਮ ਦੌਰਾਨ ਅਨੁਸ਼ਾਸਨ ਦੀ ਕਮੀ, ਅਧਿਆਪਕਾਂ, ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਦੀ ਗੈਰਹਾਜ਼ਰੀ ਦੀ ਸ਼ਿਕਾਇਤ ਕਰਦਿਆਂ ਜੌੜੇਮਾਜਰਾ ਨੇ ਸਵਾਲ ਕੀਤਾ ਕਿ ਕੀ ਇਹ ਸੋਚੀ-ਸਮਝੀ ਸਾਜ਼ਿਸ਼ ਤਹਿਤ ਹੋਇਆ ਹੈ। 

ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਆਵਾਰਾ ਘੁੰਮ ਰਹੇ ਹਨ, ਉਨ੍ਹਾਂ ਦੀ ਗੈਰਹਾਜ਼ਰੀ ਲਗਾਉ। ਮੈਂ ਮਾੜੇ ਪ੍ਰਬੰਧਾਂ ਲਈ ਅਧਿਆਪਕਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸ਼ਿਕਾਇਤ ਕਰਾਂਗਾ। ਸੂਤਰਾਂ ਮੁਤਾਬਕ ਪ੍ਰੋਗਰਾਮ ਬਾਰੇ ਆਖਰੀ ਮਿੰਟ ’ਚ ਜਾਣਕਾਰੀ ਦਿੱਤੀ ਗਈ ਸੀ ਜਿਸ ਕਾਰਨ ਦੁਚਿੱਤੀ ਦਾ ਮਾਹੌਲ ਬਣਿਆ। ਸਕੂਲ ਪ੍ਰਿੰਸੀਪਲ ਹਰਜੋਤ ਕੌਰ ਨੇ ਕਿਹਾ ਕਿ ਜਿਨ੍ਹਾਂ ਬੱਚਿਆਂ ਬਾਰੇ ਜੌੜੇਮਾਜਰਾ ਨੇ ਇਤਰਾਜ਼ ਕੀਤਾ ਹੈ, ਉਹ ਪੰਡਾਲ ’ਚ ਨਹੀਂ ਬੈਠੇ ਹੋਏ ਸਨ। ਉਨ੍ਹਾਂ ਕਿਹਾ ਕਿ ਅਧਿਆਪਕ ਵੀ ਪੂਰੇ ਪ੍ਰੋਗਰਾਮ ਦੀ ਦੇਖ-ਰੇਖ ਕਰ ਰਹੇ ਸਨ।