Punjab News: ਪੰਜਾਬ ਕੈਬਨਿਟ ਦਾ ਇੱਕ ਹੋਰ ਮੰਤਰੀ ਸੰਕਟ ਵਿੱਚ ਘਿਰ ਸਕਦਾ ਹੈ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੰਤਰੀ ਦੀ ਅਸ਼ਲੀਲ ਵੀਡੀਓ ਦੀ ਜਾਂਚ ਦੇ ਹੁਕਮ ਦਿੱਤੇ ਹਨ। ਸੂਤਰਾਂ ਮੁਤਾਬਕ ਰਾਜਪਾਲ ਨੇ ਪੁਲਿਸ ਮੁਖੀ ਨੂੰ ਕਿਹਾ ਹੈ ਕਿ ਵੀਡੀਓ ਦੀ ਫੋਰੈਂਸਿਕ ਜਾਂਚ ਦੇ ਨਾਲ-ਨਾਲ ਵਿਧਾਇਕ ਸੁਖਪਾਲ ਖਹਿਰਾ ਦੀ ਸ਼ਿਕਾਇਤ ਵਿੱਚ ਦਿੱਤੇ ਗਏ ਤੱਥਾਂ ਦੀ ਜਾਂਚ ਵੀ ਕੀਤੀ ਜਾਵੇ।


ਇਹ ਵੀ ਪੜ੍ਹੋ :  ਫ਼ਤਹਿਗੜ੍ਹ ਸਾਹਿਬ ਦੇ ਨਬੀਪੁਰ 'ਚ ਭਿਆਨਕ ਸੜਕ ਹਾਦਸਾ , ਪੰਜਾਬ ਪੁਲਿਸ ਦੇ 2 ਜਵਾਨਾਂ ਦੀ ਮੌਤ, ਫੌਜ ਦੇ 4 ਜਵਾਨ ਜ਼ਖਮੀ

ਅਧਿਕਾਰਤ ਸੂਤਰਾਂ ਨੇ ਦੱਸਿਆ ਹੈ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਡੀਜੀਪੀ ਨੂੰ ਇੱਕ ਮੰਤਰੀ ਦੇ "ਇਤਰਾਜ਼ਯੋਗ" ਵੀਡੀਓ ਦੀ ਪ੍ਰਮਾਣਿਕਤਾ ਦੀ ਜਾਂਚ ਕਰਨ ਲਈ ਕਿਹਾ ਹੈ। ਇਸ ਮਾਮਲੇ ਵਿੱਚ ਰਾਜਪਾਲ ਦੀ ਐਂਟਰੀ ਆਮ ਆਦਮੀ ਪਾਰਟੀ ਦੀ ਮੁਸੀਬਤ ਵਧਾ ਸਕਦੀ ਹੈ। ਯਾਦ ਰਹੇ ਪੰਜਾਬ ਸਰਕਾਰ ਨਾਲ ਵੀ ਕਈ ਵਾਰ ਰਾਜਪਾਲ ਦਾ ਪੇਚਾ ਪੈ ਚੁੱਕਿਆ ਹੈ।


 



ਦੱਸ ਦਈਏ ਕਿ ਕਾਂਗਰਸੀ ਲੀਡਰ ਸੁਖਪਾਲ ਖਹਿਰਾ ਵੱਲੋਂ ਰਾਜਪਾਲ ਨੂੰ ਇਤਰਾਜ਼ਯੋਗ ਵੀਡੀਓ ਦੇ ਕੇ ਇਸ ਦੀ ਫੋਰੈਂਸਿਕ ਜਾਂਚ ਦੀ ਮੰਗ ਦੇ ਨਾਲ-ਨਾਲ ਵੀਡੀਓ ਸਹੀ ਪਾਏ ਜਾਣ ‘ਤੇ ਮੰਤਰੀ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਵੀ ਕੀਤੀ ਗਈ ਸੀ। ਸੂਤਰਾਂ ਮੁਤਾਬਕ ਇਸ ਤੋਂ ਬਾਅਦ ਰਾਜਪਾਲ ਪੁਰੋਹਿਤ ਨੇ ਇਹ ਕਦਮ ਚੁੱਕਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਰਾਜਪਾਲ ਨੇ ਇਸ ਵੀਡੀਓ ਦੀ ਪ੍ਰਮਾਣਿਕਤਾ ਦੀ ਜਾਂਚ ਲਈ ਡੀਜੀਪੀ ਨੂੰ ਜ਼ਿੰਮੇਵਾਰੀ ਸੌਂਪੀ ਹੈ।


ਜ਼ਿਕਰਯੋਗ ਹੈ ਕਿ ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਇੱਕ ਮੰਤਰੀ ਦੀਆਂ ਦੋ ਅਸ਼ਲੀਲ ਵੀਡੀਓਜ਼ ਰਾਜਪਾਲ ਨੂੰ ਸੌਂਪੀਆਂ ਹਨ ਅਤੇ ਬੇਨਤੀ ਕੀਤੀ ਹੈ ਕਿ ਇਨ੍ਹਾਂ ਵੀਡੀਓਜ਼ ਦੀ ਫੋਰੈਂਸਿਕ ਜਾਂਚ ਕਰਵਾਈ ਜਾਵੇ ਤਾਂ ਜੋ ਸੱਚਾਈ ਦਾ ਪਤਾ ਲੱਗ ਸਕੇ। ਖਹਿਰਾ ਨੇ ਕਿਹਾ ਕਿ ਅਜਿਹੀਆਂ ਵੀਡੀਓਜ਼ ਜੇਕਰ ਸੋਸ਼ਲ ਮੀਡੀਆ ਉੱਤੇ ਪਾਈਆ ਜਾਂਦੀਆਂ ਤਾਂ ਇਸ ਦਾ ਬਹੁਤ ਗ਼ਲਤ ਪ੍ਰਭਾਵ ਲੋਕਾਂ ਵਿੱਚ ਜਾਣਾ ਸੀ। ਇਸ ਲਈ ਉਹ ਇਹ ਵੀਡੀਓ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਕੋਲ ਲੈ ਕੇ ਗਏ।

ਵੀਡੀਓ ਦੀ ਫੋਰੈਂਸਿਕ ਜਾਂਚ ਦੀ ਕੀਤੀ ਮੰਗ

ਸੁਖਪਾਲ ਖਹਿਰਾ ਨੇ ਮੰਗ ਕੀਤੀ ਸੀ ਕਿ ਰਾਜਪਾਲ ਇਹਨਾਂ ਵੀਡੀਓ ਕਲਿੱਪਾਂ ਦੀ ਫੋਰੈਂਸਿਕ ਜਾਂਚ ਕਰਵਾਉਣ। ਜੇ ਇਹੀ ਕਲਿਪਜ਼ ਪੰਜਾਬ ਸਰਕਾਰ ਦੇ ਕਿਸੇ ਨੁਮਾਇੰਦੇ ਨੂੰ ਦਿੰਦੇ ਜਾਂ ਪੰਜਾਬ ਪੁਲਿਸ ਨੂੰ ਦਿੰਦੇ ਤਾਂ ਉਨ੍ਹਾਂ ਨੇ ਇਹ ਸਾਰਾ ਮਾਮਲਾ ਰਫ਼ਾ-ਦਫ਼ਾ ਕਰ ਦੇਣਾ ਸੀ। ਜਿਸ ਕਰਕੇ ਉਹਨਾਂ ਰਾਜਪਾਲ ਨੂੰ ਇਨ੍ਹਾਂ ਵੀਡੀਓਜ਼ ਦੀ ਜਾਂਚ ਚੰਡੀਗੜ੍ਹ ਪ੍ਰਸ਼ਾਸਨ ਕੋਲ ਕਰਵਾਉਣ ਲਈ ਕਿਹਾ ਹੈ।ਹਾਲਾਂਕਿ ਵੀਡੀਓ 'ਚ ਮੰਤਰੀ ਕੌਣ ਹੈ? ਖਹਿਰਾ ਨੇ ਵੀ ਇਸ ਸਬੰਧੀ ਕੋਈ ਖੁਲਾਸਾ ਨਹੀਂ ਕੀਤਾ ਹੈ।
 


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।