Punjab News: ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਸ਼ਨੀਵਾਰ ਨੂੰ ਅੰਮ੍ਰਿਤਸਰ ਪਹੁੰਚੇ। ਇਹ ਉਨ੍ਹਾਂ ਦੀ ਪਹਿਲੀ ਅੰਮ੍ਰਿਤਸਰ ਫੇਰੀ ਸੀ, ਜਿੱਥੇ ਉਨ੍ਹਾਂ ਦੇ ਨਾਲ ਸੀਐਮ ਭਗਵੰਤ ਮਾਨ ਵੀ ਸਨ। ਰਾਜਪਾਲ ਕਟਾਰੀਆ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਡਾ: ਗੁਰਪ੍ਰੀਤ ਕੌਰ ਵੀ ਹਨ। 
ਮੀਡੀਆ ਨਾਲ ਗੱਲਬਾਤ ਕਰਦਿਆਂ ਸੀ.ਐਮ ਮਾਨ ਨੇ ਸਪੱਸ਼ਟ ਕਿਹਾ ਕਿ ਉਹ ਕਿਸੇ ਵੀ ਸਿਆਸੀ ਮੁੱਦੇ 'ਤੇ ਜਵਾਬ ਨਹੀਂ ਦੇਣਗੇ। ਜ਼ਿਕਰਯੋਗ ਹੈ ਕਿ ਰਾਜਪਾਲ ਕਟਾਰੀਆ ਵੱਲੋਂ ਬੁਲਾਇਆ ਗਿਆ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ। ਰਾਜਪਾਲ ਕਟਾਰੀਆ ਵੱਲੋਂ ਬੁਲਾਇਆ ਗਿਆ ਇਹ ਪਹਿਲਾ ਮਾਨਸੂਨ ਸੈਸ਼ਨ ਹੈ। 






ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀ.ਐਮ ਮਾਨ ਨੇ ਕਿਹਾ ਕਿ ਪੰਜਾਬ ਦੇ ਰਾਜਪਾਲ ਦੀ ਨਵੀਂ ਨਿਯੁਕਤੀ ਕੀਤੀ ਗਈ ਹੈ। ਇਸੇ ਲਈ ਉਹ ਆਪਣੇ ਪਰਿਵਾਰ ਸਮੇਤ ਇੱਥੇ ਮੱਥਾ ਟੇਕਣ ਆਏ ਹਨ। ਸੀਐਮ ਨੇ ਸਪੱਸ਼ਟ ਕੀਤਾ ਕਿ ਅੱਜ ਉਹ ਕਿਸੇ ਵੀ ਸਿਆਸੀ ਮੁੱਦੇ ਦਾ ਜਵਾਬ ਨਹੀਂ ਦੇਣਗੇ। ਪੁੱਛਣ 'ਤੇ ਵੀ ਉਹ ਕਿਸੇ ਸਵਾਲ ਦਾ ਜਵਾਬ ਨਹੀਂ ਦੇਣੇਗੇ।


ਜਿਸ ਤੋਂ ਬਾਅਦ ਰਾਜਪਾਲ ਨੇ ਕਿਹਾ ਕਿ ਉਹ ਪੰਜਾਬ ਦੇ ਰਾਜਪਾਲ ਵਜੋਂ ਅਜਿਹੀ ਧਰਤੀ ਉੱਤੇ ਆਏ ਹਨ ਜਿੱਥੇ ਗੁਰੂਆਂ ਦੀ ਕੁਰਬਾਨੀ ਸਦਕਾ ਭਾਰਤ ਦਾ ਇਹ ਸੱਭਿਆਚਾਰ ਅੱਜ ਤੱਕ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ  ਵਾਹਿਗੁਰੂ ਮੇਹਰ ਕਰੇ ਕਿ ਉਹ ਪੰਜਾਬ ਅਤੇ ਚੰਡੀਗੜ੍ਹ ਦੇ ਵਿਕਾਸ ਲਈ ਕੰਮ ਕਰ ਸਕਣ। ਦੇਸ਼ ਅਤੇ ਪੰਜਾਬ ਵਿੱਚ ਸ਼ਾਂਤੀ ਬਣੀ ਰਹੇ। 


ਕਦੋਂ ਹੋਈ ਸੀ ਰਾਜਪਾਲ ਦੀ ਨਿਯੁਕਤੀ


ਪੰਜਾਬ ਦੇ ਰਾਜਪਾਲ ਕਟਾਰੀਆ ਨੇ ਇਸ ਸਾਲ 31 ਜੁਲਾਈ ਨੂੰ ਅਹੁਦਾ ਸੰਭਾਲਿਆ ਸੀ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਭਵਿੱਖ ਦੇ ਸਬੰਧਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਸੀ, ਸਮਾਂ ਦੱਸੇਗਾ। ਇਸ ਤੋਂ ਬਾਅਦ ਰਾਜਪਾਲ ਕਟਾਰੀਆ ਵੱਲੋਂ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ। ਵਿਰੋਧੀ ਧਿਰ ਨੇ ਇਸ ਨੂੰ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਰਾਜਪਾਲ ਅਤੇ ਮੁੱਖ ਮੰਤਰੀ ਚੁੱਪ ਰਹੇ।