Holiday in Punjab: ਪੰਜਾਬ ਦੇ ਵਿਦਿਆਰਥੀਆਂ ਤੇ ਸਰਕਾਰੀ ਕਰਮਚਾਰੀਆਂ ਲਈ ਖੁਸ਼ਖਬਰੀ ਆਈ ਹੈ। ਜਾਣਕਾਰੀ ਅਨੁਸਾਰ, ਸਰਕਾਰ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਦੇ ਕਾਰਨ 30 ਮਈ, ਸ਼ੁੱਕਰਵਾਰ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਇਸ ਸਮੇਂ ਦੌਰਾਨ ਸਕੂਲ, ਕਾਲਜ ਅਤੇ ਹੋਰ ਸਰਕਾਰੀ ਅਦਾਰੇ ਬੰਦ ਰਹਿਣਗੇ।  ਇਸ ਦਿਨ ਪੰਜਾਬ ਸਰਕਾਰ ਵੱਲੋਂ ਜਾਰੀ ਗਜ਼ਟਿਡ ਛੁੱਟੀਆਂ ਦੇ ਕੈਲੰਡਰ ਅਨੁਸਾਰ ਜਨਤਕ ਛੁੱਟੀ ਰਹੇਗੀ।

ਪੰਜਾਬ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਲੈ ਕੇ 30 ਮਈ 2025 (ਸ਼ੁੱਕਰਵਾਰ) ਨੂੰ ਸਰਕਾਰੀ ਛੁੱਟੀ ਰਹੇਗੀ। ਸਿੱਖਾਂ ਦੇ ਪੰਜਵੇਂ ਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਇਸਨੂੰ ਸਾਲਾਨਾ ਛੁੱਟੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ।

ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਅਤੇ ਕਰਮਚਾਰੀਆਂ ਲਈ ਇਸ ਦਿਨ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਸੂਬੇ ਦੇ ਸਕੂਲ, ਕਾਲਜ ਅਤੇ ਸਾਰੇ ਸਰਕਾਰੀ ਸੰਸਥਾਨ ਬੰਦ ਰਹਿਣਗੇ। ਪੰਜਾਬ ਸਰਕਾਰ ਵੱਲੋਂ ਜਾਰੀ ਛੁੱਟੀਆਂ ਦੀ ਸੂਚੀ ਅਨੁਸਾਰ ਮਈ ਮਹੀਨੇ ਵਿੱਚ ਦੋ ਸਰਕਾਰੀ ਛੁੱਟੀਆਂ ਹਨ—ਇੱਕ ਤਾਂ 1 ਮਈ ਦੀ ਸੀ ਅਤੇ ਦੂਜੀ 30 ਮਈ ਨੂੰ ਹੋਏਗੀ।

ਜਾਣੋ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਦਾ ਇਤਿਹਾਸ

ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਸਨ। ਉਨ੍ਹਾਂ ਦਾ ਜਨਮ 15 ਅਪਰੈਲ 1563 ਨੂੰ ਗੋਇੰਦਵਾਲ ਸਾਹਿਬ ਵਿਖੇ ਨਾਨਕੇ ਘਰ ਹੋਇਆ ਸੀ। ਉਨ੍ਹਾਂ ਦੇ ਪਿਤਾ ਚੌਥੇ ਪਾਤਸ਼ਾਹੀ ਗੁਰੂ ਰਾਮ ਦਾਸ ਜੀ ਸਨ ਤੇ ਮਾਤਾ ਬੀਬੀ ਭਾਨੀ ਜੀ ਸਨ।

ਜਹਾਂਗੀਰ ਨੇ ਗੁਰੂ ਸਾਹਿਬ ਨੂੰ ਯਾਸਾ-ਏ-ਸਿਆਸਤ ਅਧੀਨ ਸਜ਼ਾ ਦਿੱਤੀ, ਜਿਸ ਤੋਂ ਭਾਵ ਹੈ ਤਸੀਹੇ ਦੇ ਕੇ ਮਾਰਨਾ। ਇਸ ਤਰ੍ਹਾਂ ਜਹਾਂਗੀਰ ਦੇ ਹੁਕਮ ਅਨੁਸਾਰ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ। ਗੁਰੂ ਸਾਹਿਬ ਨੂੰ ਸ਼ਹੀਦ ਕਰਨ ਸਮੇਂ ਕਈ ਤਰ੍ਹਾਂ ਦੇ ਅਕਹਿ ਤੇ ਅਸਹਿ ਤਸੀਹੇ ਦਿੱਤੇ ਗਏ। ਜ਼ਾਲਿਮਾਂ ਵੱਲੋਂ ਭਰ ਗਰਮੀ ਦੇ ਮੌਸਮ 'ਚ ਗੁਰੂ ਸਾਹਿਬ ਨੂੰ ਉਬਲਦੀ ਦੇਗ਼ ਵਿਚ ਬਿਠਾਇਆ ਗਿਆ, ਤੱਤੀ ਤਵੀ ’ਤੇ ਚੌਂਕੜਾ ਲਵਾਇਆ ਗਿਆ ਅਤੇ ਪਾਵਨ ਸੀਸ ’ਤੇ ਸੜਦੀ-ਬਲਦੀ ਰੇਤਾ ਪਾਈ ਗਈ। ਸਭ ਸਰੀਰਕ ਕਸ਼ਟਾਂ ਨੂੰ ਬੜੇ ਸਹਿਜ ਵਿਚ ਸਹਾਰਦਿਆਂ ਇਸ ਨੂੰ ਕਰਤਾਰ ਦਾ ਭਾਣਾ ਸਮਝ ਕੇ ਗੁਰੂ ਸਾਹਿਬ ਅਡੋਲ ਰਹੇ। ਇਸ ਤਰ੍ਹਾਂ ਅਨੇਕਾਂ ਤਸੀਹੇ ਦੇ ਕੇ ਸੰਨ 1606 ਈ: ਵਿਚ ਗੁਰੂ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਗਿਆ। ਇਸ ਸ਼ਹਾਦਤ ਵਾਲੇ ਸਥਾਨ ’ਤੇ ਰਾਵੀ ਕੰਢੇ ਲਾਹੌਰ ਵਿੱਚ ਗੁਰਦੁਆਰਾ ਡੇਰਾ ਸਾਹਿਬ ਸਥਿਤ ਹੈ।