ਚੰਡੀਗੜ੍ਹ: ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿੱਚ ਸੁਖਬੀਰ ਬਾਦਲ ਨੇ ਕੈਪਟਨ ਸਰਕਾਰ ਨੂੰ ਘੇਰਿਆ ਹੈ। ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਵੱਲੋਂ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੂੰ ਵੱਡਾ ਝਟਕਾ ਦਿੱਤਾ ਹੈ।


ਥਾਣਾ ਸਿਟੀ ਕੋਟਕਪੂਰਾ ਦੇ ਐਸਐਚਓ ਗੁਰਦੀਪ ਪੰਧੇਰ ਵੱਲੋਂ ਦਾਇਰ ਕੀਤੀ ਰਿੱਟ ’ਤੇ ਸੁਣਵਾਈ ਕਰਦਿਆਂ ਹਾਈ ਕੋਰਟ ਦੇ ਜੱਜ ਰਾਜਵੀਰ ਸ਼ਰਾਵਤ ਨੇ ਕਿਹਾ ਕਿ ਜਾਂਚ ਟੀਮ ਦੇ ਮੁੱਖ ਮੈਂਬਰ ਆਈਜੀ ਕੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਇਸ ਮਾਮਲੇ ਵਿੱਚ ਕੀਤੀ ਗਈ ਪੜਤਾਲ ਪੱਖਪਾਤੀ ਜਾਪਦੀ ਹੈ।


ਹਾਈ ਕੋਰਟ ਨੇ ਜਾਂਚ ਟੀਮ ਦੀ ਪੜਤਾਲ ਰਿਪੋਰਟ ਨੂੰ ਰੱਦ ਕਰਦੇ ਹੋਏ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਨੇ ਉਹ ਇਸ ਮਾਮਲੇ ਵਿੱਚ ਇੱਕ ਹੋਰ ਜਾਂਚ ਟੀਮ ਬਣਾਵੇ।ਨਵੀਂ ਬਣੀ ਜਾਂਚ ਟੀਮ ਵਿੱਚ ਕੰਵਰ ਵਿਜੈ ਪ੍ਰਤਾਪ ਸਿੰਘ ਸ਼ਾਮਲ ਨਹੀਂ ਹੋਣਗੇ।ਹਾਈ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਅਜਿਹੀ ਕਮੇਟੀ ਨਹੀਂ ਬਣਦੀ ਤਾਂ ਕੋਟਕਪੂਰਾ ਗੋਲ਼ੀਕਾਂਡ ਦੀ ਜਾਂਚ ਹਰਿਆਣਾ ਸਰਕਾਰ ਨੂੰ ਸੌਂਪੀ ਜਾ ਸਕਦੀ ਹੈ ਜਾਂ ਫਿਰ ਇਹ ਜਾਂਚ CBI ਦੇ ਹਵਾਲੇ ਕਰ ਦਿੱਤੀ ਜਾਵੇਗੀ। 


ਸੁਖਬੀਰ ਬਾਦਲ ਨੇ ਇਸ ਮਾਮਲੇ ਤੇ ਬੋਲਦੇ ਹੋਏ ਕਿਹਾ, " ਕੈਪਟਨ ਨੇ SIT ਸਿਰਫ ਬਾਦਲ ਪਰਿਵਾਰ ਨੂੰ ਫੜਨ ਲਈ ਬਣਾਈ ਸੀ।ਕੈਪਟਨ ਨੇ ਚਾਰ ਸਾਲ ਅਤੇ ਕਰੋੜਾਂ ਰੁਪਏ ਜਾੰਚ ਤੇ ਬਰਬਾਦ ਕੀਤੇ ਹਨ।ਹਾਈਕੋਰਟ ਨੇ ਸਾਬਿਤ ਕਰ ਦਿਤਾ ਹੈ ਕਿ ਇਹ ਕੈਪਟਨ ਦੀ ਸਿਆਸੀ ਬਦਲਾਖੋਰੀ ਸੀ।"  


ਬਾਦਲ ਨੇ ਕਿਹਾ ਕਿ, "ਕੈਪਟਨ ਦਾ ਮਨ ਬੇਅਦਬੀ ਦੇ ਦੋਸ਼ੀਆ ਨੂੰ ਫੜ੍ਹਨਾ ਹੈ ਹੀ ਨਹੀਂ ਸੀ।4 ਸਾਲ ਲਾਂ ਵਿੱਚ ਇੱਕ ਵੀ ਗਲ ਅਕਾਲੀ ਦਲ ਦੇ ਖਿਲਾਫ ਨਹੀਂ ਕੱਢ ਸਕੇ। ਹਾਈਕੋਰਟ ਨੇ ਸਪਸ਼ੱਟ ਕਰ ਦਿੱਤਾ ਹੈ ਕਿ ਕੈਪਟਨ ਦੀ ਸਰਕਾਰ ਨੇ ਇਹ ਰਾਜਨਿਤਿਕ ਖੇਡ ਖੇਡੀ ਹੈ।"


ਉਧਰ ਪੰਜਾਬ ਸਰਕਾਰ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ, "ਹਾਈ ਕੋਰਟ ਦਾ ਫੈਸਲਾ ਹੈ, ਸਰਕਾਰ ਫੈਸਲਾ ਲਵੇਗੀ ਉਸਨੂੰ ਕੋਖੇਗੀ ਅਤੇ ਫਿਰ ਇਸ ਉਤੇ ਰਣਨੀਤੀ ਬਣਾਈ ਜਾਵੇਗੀ। ਹਾਈ ਕੋਰਟ ਆਗੇ ਕਿਸੇ ਦਾ ਜੋਰ ਨਹੀਂ ਹੁੰਦਾ, ਉਸਦੀ ਨਕਲ ਲੈਕੇ, ਓਹਨੂੰ ਚੰਗੀ ਤਰ੍ਹਾਂ ਪੜ ਕੇ ਫਿਰ ਅਗਲਾ ਕਦਮ ਚੁੱਕੇਆ ਜਾਵੇਗਾ ਅਤੇ ਸਰਕਾਰ ਇਸ ਉਤੇ ਪੁਰੀ ਤਰ੍ਹਾਂ ਤਾਤਪਰ ਹੈ।"


ਕੀ ਇਸ ਮਾਮਲੇ ਦਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੇ ਕੋਈ ਅਸਰ ਪਾਏਗਾ? ਇਸ ਤੇ ਬਾਜਵਾ ਨੇ ਕਿਹਾ ਕਿ," ਇਸਦਾ ਚੋਣਾਂ ਤੇ ਕੋਈ ਅਸਰ ਨਹੀਂ ਪਵੇਗਾ, ਸਭ ਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿੰਨ੍ਹੇ ਕਰਵਾਈ ਹੈ ਅਤੇ ਕੌਣ ਦੋਸ਼ੀ ਹੈ।"