Punjab Ground Water Report: ਪੰਜਾਬ ਦਾ ਧਰਤੀ ਹੇਠਲਾ ਪਾਣੀ ਹੁਣ ਪੀਣ ਯੋਗ ਨਹੀਂ ਰਿਹਾ। ਕਈ ਜ਼ਿਲ੍ਹਿਆਂ ਵਿੱਚ ਪਾਣੀ ਲੋਕਾਂ ਨੂੰ ਬਿਮਾਰ ਕਰ ਸਕਦਾ ਹੈ। ਇੰਨਾ ਹੀ ਨਹੀਂ ਕਈ ਜ਼ਿਲ੍ਹਿਆਂ ਦੇ ਪਾਣੀ ਵਿੱਚ ਘਾਤਕ ਧਾਤੂ ਦਾ ਮਿਸ਼ਰਣ ਹੁੰਦਾ ਹੈ, ਜੋ ਕੈਂਸਰ ਦਾ ਕਾਰਨ ਬਣ ਸਕਦਾ ਹੈ। ਇਹ ਜਾਣਕਾਰੀ ਕੇਂਦਰੀ ਰਾਜ ਜਲ ਸ਼ਕਤੀ ਮੰਤਰੀ ਰਾਜ ਭੂਸ਼ਣ ਚੌਧਰੀ ਨੇ ਪਾਰਲੀਮੈਂਟ ਵਿੱਚ ਜਲੰਧਰ ਤੋਂ ਨਵੇਂ ਚੁਣੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਸਵਾਲ ’ਤੇ ਦਿੱਤੀ।
ਇਹ ਰਿਪੋਰਟ ਸਪੱਸ਼ਟ ਤੌਰ 'ਤੇ ਸਾਬਤ ਕਰਦੀ ਹੈ ਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦਾ ਧਰਤੀ ਹੇਠਲਾ ਪਾਣੀ ਹੁਣ ਪੀਣ ਯੋਗ ਨਹੀਂ ਰਿਹਾ। ਕੇਂਦਰੀ ਮੰਤਰੀ ਅਨੁਸਾਰ ਧਰਤੀ ਹੇਠਲੇ ਪਾਣੀ ਦੇ ਨਮੂਨਿਆਂ ਵਿੱਚ ਨਾਈਟ੍ਰੇਟ, ਆਇਰਨ, ਆਰਸੈਨਿਕ, ਸੇਲੇਨੀਅਮ, ਕ੍ਰੋਮੀਅਮ, ਮੈਗਨੀਜ਼, ਨਿਕਲ, ਕੈਡਮੀਅਮ, ਲੈਡ ਤੇ ਯੂਰੇਨੀਅਮ ਵਰਗੇ ਖਤਰਨਾਕ ਤੱਤਾਂ ਦੀ ਮਿਲਾਵਟ ਪਾਈ ਗਈ ਹੈ।
ਇਸ ਤੋਂ ਵੀ ਖਤਰਨਾਕ ਗੱਲਾ ਹੈ ਕਿ ਇਹ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਵੱਲੋਂ ਤੈਅ ਸੀਮਾ ਤੋਂ ਬਹੁਤ ਜ਼ਿਆਦਾ ਹਨ। ਇਹ ਸਿਰਫ਼ ਸਰਕਾਰ ਵੱਲੋਂ ਲਏ ਗਏ ਨਮੂਨਿਆਂ 'ਤੇ ਆਧਾਰਤ ਰਿਪੋਰਟ ਨਹੀਂ। ਯਾਦ ਰਹੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਹਾਲ ਹੀ ਵਿੱਚ ਕੀਤੀ ਖੋਜ ਵਿੱਚ ਵੀ ਇਹ ਗੱਲ ਸਾਬਤ ਹੋ ਚੁੱਕੀ ਹੈ।
ਰਿਪੋਰਟ ਮੁਤਾਬਕ ਜ਼ਹਿਰੀਲੇ ਤੱਤਾਂ ਦੀ ਮੌਜੂਦਗੀ ਸਿਹਤ ਲਈ ਗੰਭੀਰ ਖਤਰਾ ਪੈਦਾ ਕਰ ਰਹੀ ਹੈ। ਇਸ ਵਿੱਚ ਯੂਰੇਨੀਅਮ, ਲੈਡ, ਨਿਕਲ ਤੇ ਮੈਗਨੀਜ਼ ਦੇ ਸਿਹਤ 'ਤੇ ਪੈਣ ਵਾਲੇ ਹਾਨੀਕਾਰਕ ਪ੍ਰਭਾਵਾਂ 'ਤੇ ਜ਼ੋਰ ਦਿੱਤਾ ਗਿਆ ਹੈ। ਇਸ ਸਮੱਸਿਆ ਨੂੰ ਜਲਦੀ ਹੱਲ ਕਰਨ ਦੀ ਲੋੜ ਹੈ, ਨਹੀਂ ਤਾਂ ਪੰਜਾਬ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਦੱਸ ਦਈਏ ਕਿ ਸੈਂਟਰਲ ਗਰਾਊਂਡ ਵਾਟਰ ਬੋਰਡ ਦੇ 2023 ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਮਾਨਸਾ, ਫਰੀਦਕੋਟ ਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਆਰਸੈਨਿਕ ਦਾ ਪੱਧਰ ਤੈਅ ਸੀਮਾਵਾਂ ਤੋਂ ਕਿਤੇ ਵੱਧ ਹੈ। ਬਠਿੰਡਾ, ਫ਼ਿਰੋਜ਼ਪੁਰ ਤੇ ਮੁਕਤਸਰ ਵਿੱਚ ਧਰਤੀ ਹੇਠਲੇ ਪਾਣੀ ਵਿੱਚ ਲੈਡ ਪਾਇਆ ਗਿਆ ਹੈ। ਫਤਿਹਗੜ੍ਹ ਸਾਹਿਬ, ਲੁਧਿਆਣਾ, ਪਟਿਆਲਾ ਤੇ ਸੰਗਰੂਰ ਵਿੱਚ ਕੈਡਮੀਅਮ ਦਾ ਪੱਧਰ ਉੱਚਾ ਰਿਹਾ।
ਇਸੇ ਤਰ੍ਹਾਂ ਬਠਿੰਡਾ, ਮਾਨਸਾ ਤੇ ਸੰਗਰੂਰ ਵਿੱਚ ਕਰੋਮੀਅਮ ਦਾ ਪੱਧਰ ਉੱਚਾ ਹੈ। ਬਠਿੰਡਾ, ਮੋਗਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫ਼ਿਰੋਜ਼ਪੁਰ, ਲੁਧਿਆਣਾ, ਮੁਕਤਸਰ, ਪਟਿਆਲਾ ਤੇ ਸੰਗਰੂਰ ਵਿੱਚ ਯੂਰੇਨੀਅਮ ਵਾਲਾ ਜ਼ਮੀਨੀ ਪਾਣੀ ਪਾਇਆ ਗਿਆ ਹੈ।