Gangster in Punjab: ਰੰਗਲਾ ਪੰਜਾਬ ਹੁਣ ਗੈਂਗਲੈਂਡ ਬਣਦਾ ਜਾ ਰਿਹਾ ਹੈ। ਆਏ ਦਿਨ ਗੈਂਗਸਟਰਾਂ ਵੱਲੋਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ ਤੇ ਮਨ੍ਹਾਂ ਕਰਨ ਵਾਲਿਆਂ ਦੇ ਸ਼ਰੇਆਮ ਕਤਲ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਗੈਂਗਵਾਰ ਵੀ ਤੇਜ਼ ਹੋ ਗਈ ਹੈ। ਗੈਂਗਸਟਰ ਆਪਸ ਵਿੱਚ ਉਲਝ ਗਏ ਹਨ ਤੇ ਇੱਕ-ਦੂਜੇ ਦੇ ਲੋਕਾਂ ਨੂੰ ਮਾਰ ਰਹੇ ਹਨ। ਪਿਛਲੇ ਦੋ ਹਫਤਿਆਂ ਅੰਦਰ ਹੀ ਪੰਜਾਬ ਵਿੱਚ ਚਾਰ ਵੱਡੀਆਂ ਵਾਰਦਾਤਾਂ ਹੋਈਆਂ ਹਨ। ਅਜਿਹੇ ਸਭ ਵਿਚਾਲੇ ਪੁਲਿਸ ਬੇਵੱਸ ਨਜ਼ਰ ਆ ਰਹੀ ਹੈ।
ਦਰਅਸਲ ਪਿਛਲੇ 10 ਦਿਨਾਂ ਵਿੱਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 4 ਵੱਡੀਆਂ ਵਾਰਦਾਤਾਂ ਨੇ ਪੁਲਿਸ ਤੇ ਪ੍ਰਸ਼ਾਸਨ ਦੀ ਨੀਂਦ ਉਡਾ ਦਿੱਤੀ ਹੈ। ਇਨ੍ਹਾਂ ਵਾਰਦਾਤਾਂ ਵਿੱਚ ਗੈਂਗਸਟਰਾਂ ਨੇ ਨਾ ਸਿਰਫ਼ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ, ਸਗੋਂ ਸ਼ਰੇਆਮ ਫਾਇਰਿੰਗ ਕਰਕੇ ਦਹਿਸ਼ਤ ਵੀ ਫੈਲਾਈ। ਖਾਸ ਗੱਲ ਇਹ ਹੈ ਕਿ ਗੈਂਗਸਟਰਾਂ ਵੱਲੋਂ ਵੱਡੇ ਕਾਰੋਬਾਰੀਆਂ ਤੇ ਗਾਇਕ-ਅਦਾਕਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਇਸ ਪਿੱਛੇ ਫਿਰੌਤੀ ਦੀ ਹੀ ਖੇਡ ਹੈ।
ਦੱਸ ਦਈਏ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਮਗਰੋਂ ਗੈਂਗਸਟਰਾਂ ਨੇ ਸਿਰ ਚੁੱਕਿਆ ਤਾਂ ਪੁਲਿਸ ਐਕਸ਼ਨ ਵਿੱਚ ਆਈ। ਕਈ ਛੋਟੇ-ਮੋਟੇ ਗੈਂਗਸਟਰਾਂ ਦੇ ਐਨਕਾਉਂਟਰ ਕਰਕੇ ਪੁਲਿਸ ਨੇ ਜਰਾਇਮ ਪੇਸ਼ਾ ਲੋਕਾਂ ਅੰਦਰ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਦਾ ਕੋਈ ਖਾਸ ਅਸਰ ਦਿਖਾਈ ਨਹੀਂ ਦਿੱਤਾ। ਕਈ ਨਾਮੀ ਗੈਂਗਸਟਰ ਜੇਲ੍ਹਾਂ ਤੇ ਵਿਦੇਸ਼ਾਂ ਵਿੱਚ ਬੈਠ ਕੇ ਆਪਣੇ ਗੈਂਗ ਚਲਾ ਰਹੇ ਹਨ।
ਉਧਰ, ਪੰਜਾਬ ਅੰਦਰ ਲਗਾਤਾਰ ਵਧ ਰਹੀਆਂ ਹਿੰਸਕ ਵਾਰਦਾਤਾਂ 'ਤੇ ਵਿਰੋਧੀ ਧਿਰ ਨੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਕਾਂਗਰਸ ਵਿਧਾਇਕ ਤੇ ਪੰਜਾਬ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਸੂਬੇ ਨੂੰ ਗੋਲੀਆਂ ਤੇ ਖੂਨ-ਖਰਾਬੇ ਦੇ ਹਵਾਲੇ ਕਰ ਦਿੱਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਵਿਗੜ ਗਈ ਹੈ। ਮੋਗਾ ਵਿੱਚ ਡਾਕਟਰ ਕੰਬੋਜ ਉਪਰ ਫਾਇਰਿੰਗ ਕੀਤੀ ਗਈ। ਇਸ ਤੋਂ ਵੱਧ ਨਿੰਦਣਯੋਗ ਕੀ ਹੋ ਸਕਦਾ ਹੈ।
ਰਾਜਾ ਵੜਿੰਗ ਨੇ ਕਿਹਾ ਕਿ ਅਬੋਹਰ ਵਿੱਚ ਫੈਸ਼ਨ ਡਿਜ਼ਾਈਨਰ ਸੰਜੀਵ ਵਰਮਾ ਦਾ ਕਤਲ ਕਰ ਦਿੱਤਾ ਗਿਆ। ਮੈਂ ਬਚਪਨ ਤੋਂ ਹੀ ਉਸ ਤੋਂ ਕੱਪੜੇ ਸਿਲਾਈ ਕਰਵਾਉਂਦਾ ਆ ਰਿਹਾ ਹਾਂ। 300 ਤੋਂ ਵੱਧ ਲੋਕ ਉਸ ਲਈ ਕੰਮ ਕਰਦੇ ਹਨ, ਅਜਿਹੀ ਸਥਿਤੀ ਵਿੱਚ ਦਿਨ-ਦਿਹਾੜੇ ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਇਸ ਸਮੇਂ ਬਹੁਤ ਮਾੜੀ ਹੈ। ਗੈਂਗਸਟਰ ਆਸਾਨੀ ਨਾਲ ਫਿਰੌਤੀਆਂ ਲਈ ਅਜਿਹੀਆਂ ਘਟਨਾਵਾਂ ਕਰਵਾ ਰਹੇ ਹਨ ਤੇ ਸਰਕਾਰ ਇਸ ਬਾਰੇ ਕੁਝ ਨਹੀਂ ਕਰ ਰਹੀ।
ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਸਰਕਾਰ ਦੀ ਗੈਰਹਾਜ਼ਰੀ ਵਿੱਚ ਲੋਕਾਂ ਨੂੰ ਸ਼ਰੇਆਮ ਮਾਰਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਆਪਣੇ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ। ਡਾਕਟਰ, ਕਲਾਕਾਰ ਤੇ ਖਿਡਾਰੀ ਸਮੇਤ ਕਾਰੋਬਾਰੀਆਂ ਤੇ ਪੇਸ਼ੇਵਰਾਂ ਨੂੰ ਫਿਰੌਤੀ ਮੰਗਣ ਵਾਲਿਆਂ ਤੋਂ ਗੰਭੀਰ ਧਮਕੀਆਂ ਮਿਲ ਰਹੀਆਂ ਹਨ।
ਦੱਸ ਦਈਏ ਕਿ ਪੰਜਾਬ ਵਿੱਚ ਪਿਛਲੇ 10 ਦਿਨਾਂ ਦੌਰਾਨ ਹੀ ਚਾਰ ਵੱਡੀਆਂ ਵਾਰਦਾਤਾਂ ਹੋਈਆਂ ਹਨ। ਇਸ ਕਰਕੇ ਪੰਜਾਬ ਸਰਕਾਰ ਤੇ ਪੁਲਿਸ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। 28 ਜੂਨ ਨੂੰ ਗੁਰਦਾਸਪੁਰ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਹਰਜੀਤ ਕੌਰ ਤੇ ਜੱਗੂ ਦੇ ਸਾਥੀ ਕਰਨਵੀਰ ਦਾ ਕਤਲ ਕਰ ਦਿੱਤਾ ਗਿਆ ਸੀ। ਦੋਵੇਂ ਬਟਾਲਾ ਵਿੱਚ ਘਰ ਦੇ ਬਾਹਰ ਕਾਰ ਵਿੱਚ ਸਨ, ਜਦੋਂ 2 ਹਮਲਾਵਰ ਬਾਈਕ 'ਤੇ ਆਏ ਤੇ ਗੋਲੀਆਂ ਚਲਾ ਦਿੱਤੀਆਂ। ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕਤਲ ਦੀ ਜ਼ਿੰਮੇਵਾਰੀ ਲਈ।
ਇਸ ਮਗਰੋਂ 4 ਜੁਲਾਈ ਨੂੰ ਮੋਗਾ ਦੇ ਕੋਟ ਈਸੇ ਖਾਂ ਵਿੱਚ ਪਾਲੀਵੁੱਡ ਅਦਾਕਾਰਾ ਤਾਨੀਆ ਦੇ ਪਿਤਾ ਡਾਕਟਰ ਅਨਿਲ ਕੰਬੋਜ ਨੂੰ ਮਰੀਜ਼ ਬਣ ਕੇ ਆਏ ਬਦਮਾਸ਼ਾਂ ਨੇ ਗੋਲੀਆਂ ਮਾਰ ਦਿੱਤੀਆਂ। ਪੰਜਾਬ ਪੁਲਿਸ ਦੀ ਟੀਮ ਨੇ 6 ਜੁਲਾਈ ਨੂੰ ਇਸ ਮਾਮਲੇ ਵਿੱਚ 3 ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਤਿੰਨੇ ਗੈਂਗਸਟਰ ਲਖਬੀਰ ਸਿੰਘ ਦੇ ਸਾਥੀ ਸਨ। ਲਖਬੀਰ ਨੇ ਡਾਕਟਰ ਅਨਿਲ ਤੋਂ ਫਿਰੌਤੀ ਮੰਗੀ ਸੀ। ਪੈਸੇ ਨਾ ਦੇਣ 'ਤੇ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
ਇਸੇ ਤਰ੍ਹਾਂ 5 ਜੁਲਾਈ ਨੂੰ ਅੰਮ੍ਰਿਤਸਰ ਦੇ ਪਿੰਡ ਚੰਨਣ ਵਿੱਚ ਜੁਗਰਾਜ ਸਿੰਘ ਉਰਫ਼ ਤੋਤਾ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ ਸੀ ਤੇ ਮੂਸੇਵਾਲਾ ਕਤਲ ਕੇਸ ਵਿੱਚ ਸ਼ਾਮਲ ਜਗਰੂਪ ਸਿੰਘ ਰੂਪਾ ਦਾ ਭਰਾ ਸੀ। ਗੋਪੀ ਘਣਸ਼ਿਆਮਪੁਰੀਆ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ। ਘਣਸ਼ਿਆਮਪੁਰੀਆ ਗੈਂਗ ਪੰਜਾਬ ਵਿੱਚ ਬੰਬੀਹਾ ਗੈਂਗ ਨਾਲ ਮਿਲ ਕੇ ਕੰਮ ਕਰਦਾ ਹੈ। ਇਸ ਵੇਲੇ ਇਹ ਗੈਂਗ ਜੱਗੂ ਭਗਵਾਨਪੁਰੀਆ ਦੇ ਸਾਥੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ।
ਪੰਜਾ ਦੀ ਸਿਆਸਤ ਉਸ ਵੇਲੇ ਹੋਰ ਗਰਮਾ ਗਈ ਜਦੋਂ ਫੈਸ਼ਨ ਡਿਜ਼ਾਈਨਰ ਤੇ ਵੱਡੇ ਟੈਕਸਟਾਈਲ ਕਾਰੋਬਾਰੀ ਸੰਜੇ ਵਰਮਾ ਦੀ 7 ਜੁਲਾਈ ਨੂੰ ਅਬੋਹਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਿਵੇਂ ਹੀ ਸੰਜੇ ਵਰਮਾ ਸ਼ੋਅਰੂਮ ਦੇ ਬਾਹਰ ਕਾਰ ਤੋਂ ਹੇਠਾਂ ਉਤਰਿਆ, ਬਾਈਕ ਸਵਾਰ ਬਦਮਾਸ਼ਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਲਾਰੈਂਸ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ।
ਦਰਅਸਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਹੀ ਗੈਂਗਸਟਰਾਂ ਨੇ ਸਿਰ ਚੁੱਕ ਲਿਆ। ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ, 2022 ਨੂੰ ਮਾਨਸਾ ਵਿੱਚ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ। ਮਹਿੰਗੇ ਤੇ ਵਿਦੇਸ਼ੀ ਹਥਿਆਰਾਂ ਨਾਲ ਲੈਸ ਇੱਕ ਦਰਜਨ ਹਮਲਾਵਰਾਂ ਨੇ ਸਿੱਧੂ ਮੂਸੇਵਾਲਾ 'ਤੇ 30 ਤੋਂ ਵੱਧ ਗੋਲੀਆਂ ਚਲਾਈਆਂ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੋਲਡੀ ਬਰਾੜ, ਲਾਰੈਂਸ ਗੈਂਗ ਤੇ ਜੱਗੂ ਭਗਵਾਨਪੁਰੀਆ ਨੇ ਕਤਲ ਦੀ ਜ਼ਿੰਮੇਵਾਰੀ ਲਈ। ਹੁਣ ਤੱਕ ਇਹ ਮਾਮਲਾ ਮਾਨਸਾ ਦੀ ਅਦਾਲਤ ਵਿੱਚ ਚੱਲ ਰਿਹਾ ਹੈ।
ਇਸੇ ਤਰ੍ਹਾਂ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੀ 14 ਮਾਰਚ, 2022 ਨੂੰ ਨਕੋਦਰ ਦੇ ਪਿੰਡ ਮੱਲੀਆਂ ਵਿੱਚ 5 ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਸ਼ਾਮ 6 ਵਜੇ ਦੇ ਕਰੀਬ ਵਾਪਰੀ ਜਦੋਂ ਸੰਦੀਪ ਪਿੰਡ ਵਿੱਚ ਚੱਲ ਰਹੇ ਟੂਰਨਾਮੈਂਟ ਵਿੱਚ ਪਹੁੰਚਿਆ। ਹਮਲਾਵਰ ਇੱਕ ਚਿੱਟੀ ਕਾਰ ਵਿੱਚ ਆਏ। ਉਨ੍ਹਾਂ ਨੇ ਸੰਦੀਪ 'ਤੇ ਲਗਪਗ 20 ਰਾਊਂਡ ਫਾਇਰ ਕੀਤੇ। ਉਸ ਦੇ ਮੂੰਹ ਤੋਂ ਛਾਤੀ ਤੱਕ ਗੋਲੀਆਂ ਲੱਗੀਆਂ। ਇਸ ਦੀ ਜ਼ਿੰਮੇਵਾਰੀ ਗੈਂਗਸਟਰ ਲੱਕੀ ਪਟਿਆਲ ਨੇ ਲਈ ਸੀ, ਜੋ ਅਰਮੇਨੀਆ ਵਿੱਚ ਰਹਿੰਦਾ ਹੈ ਤੇ ਬੰਬੀਹਾ ਗੈਂਗ ਚਲਾਉਂਦਾ ਹੈ।
ਬਰਗਾੜੀ ਬੇਅਦਬੀ ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਪ੍ਰਦੀਪ ਕਟਾਰੀਆ ਨੂੰ 10 ਨਵੰਬਰ, 2022 ਨੂੰ ਆਪਣੀ ਦੁਕਾਨ ਖੋਲ੍ਹਦੇ ਸਮੇਂ ਸ਼ੂਟਰਾਂ ਨੇ ਗੋਲੀ ਮਾਰ ਦਿੱਤੀ। ਬਾਈਕ ਸਵਾਰ ਪੰਜ ਲੋਕਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਪ੍ਰਦੀਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ ਉਸ ਦੇ ਗੰਨਮੈਨ ਤੇ ਇੱਕ ਹੋਰ ਦੁਕਾਨਦਾਰ ਨੂੰ ਵੀ ਗੋਲੀ ਲੱਗੀ। ਇਸ ਮਾਮਲੇ ਵਿੱਚ ਗੈਂਗਸਟਰ ਗੋਲਡੀ ਬਰਾੜ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਗਿਆ।