Mother Milk is not safe in Punjab: ਫਸਲਾਂ ਦਾ ਵੱਧ ਝਾੜ ਲੈਣ ਦੇ ਚੱਕਰਾਂ ਵਿੱਚ ਪੰਜਾਬੀਆਂ ਦੀ ਜਿੰਦਗੀ ਵਿੱਚ ਜਹਿਰ ਘੁਲ ਰਿਹਾ ਹੈ। ਪੰਜਾਬ ਵਿੱਚ ਫਸਲਾਂ 'ਤੇ ਕੀਟਨਾਸ਼ਕਾਂ ਦੀ ਬਹੁਤ ਜ਼ਿਆਦਾ ਵਰਤੋਂ ਤੇ ਧਰਤੀ ਹੇਠਲੇ ਪਾਣੀ ਵਿੱਚ ਨਿਰਧਾਰਤ ਸੀਮਾ ਤੋਂ ਵੱਧ ਭਾਰੀ ਧਾਤਾਂ ਦੀ ਮੌਜੂਦਗੀ ਲੋਕਾਂ ਦੀ ਸਿਹਤ 'ਤੇ ਮਾੜਾ ਪ੍ਰਭਾਵ ਪਾ ਰਹੀ ਹੈ। ਇਹ ਤੱਤ ਸਰੀਰ ਵਿੱਚ ਘੁਲ ਰਹੇ ਹਨ ਤੇ ਖ਼ਤਰਨਾਕ ਬਿਮਾਰੀਆਂ ਨੂੰ ਜਨਮ ਦੇ ਰਹੇ ਹਨ। 

ਹਾਲਾਤ ਇੰਨੇ ਵਿਗੜ ਗਏ ਹਨ ਕਿ ਹੁਣ ਗਰਭ ਵਿੱਚ ਪਲ ਰਹੇ ਬੱਚੇ ਵੀ ਸੁਰੱਖਿਅਤ ਨਹੀਂ। ਇਸ ਨਾਲ ਕੈਜ਼ੂਅਲ ਗਰਭਪਾਤ ਤੇ ਸਮੇਂ ਤੋਂ ਪਹਿਲਾਂ ਜਣੇਪੇ ਦੀ ਦਰ ਵਿੱਚ ਵੀ ਵਾਧਾ ਹੋਇਆ ਹੈ। ਇੱਕ ਅਧਿਐਨ ਅਨੁਸਾਰ ਭਾਰੀ ਧਾਤਾਂ ਤੇ ਕੀਟਨਾਸ਼ਕਾਂ ਨਾਲ ਬਹੁਤ ਜ਼ਿਆਦਾ ਪ੍ਰਦੂਸ਼ਿਤ ਖੇਤਰਾਂ ਵਿੱਚ ਪ੍ਰਤੀ ਹਜ਼ਾਰ ਜਨਮਾਂ ਵਿੱਚ ਕੈਜ਼ੂਅਲ ਗਰਭਪਾਤ ਦੀ ਦਰ 20.6% ਦਰਜ ਕੀਤੀ ਗਈ ਤੇ ਸਮੇਂ ਤੋਂ ਪਹਿਲਾਂ ਜਣੇਪੇ ਦੀ ਦਰ 6.7% ਹੈ। ਇਹ ਆਮ ਨਾਲੋਂ ਵੱਧ ਹੈ।

ਇਹ ਖੁਲਾਸਾ ਪੀਜੀਆਈ ਚੰਡੀਗੜ੍ਹ ਦੇ ਕਮਿਊਨਿਟੀ ਮੈਡੀਸਨ ਵਿਭਾਗ ਦੀ ਰਿਪੋਰਟ ਵਿੱਚ ਹੋਇਆ ਹੈ। ਰਿਪੋਰਟ ਅਨੁਸਾਰ ਧਰਤੀ ਹੇਠਲੇ ਪਾਣੀ, ਸਬਜ਼ੀਆਂ, ਮਨੁੱਖੀ ਖੂਨ ਤੇ ਮਾਂ ਦੇ ਦੁੱਧ ਵਿੱਚ ਕੀਟਨਾਸ਼ਕਾਂ ਦੇ ਨਿਸ਼ਾਨ ਪਾਏ ਗਏ ਹਨ, ਜੋ  ਚਿੰਤਾ ਦਾ ਵਿਸ਼ਾ ਹੈ। ਇਸ ਨਾਲ ਕੈਂਸਰ ਦਾ ਖ਼ਤਰਾ ਵੀ ਵਧ ਗਿਆ ਹੈ। ਸਾਲ 2015 ਤੇ 2023 ਦੇ ਵਿਚਕਾਰ ਕੀਤੇ ਗਏ ਇੱਕ ਅਧਿਐਨ ਅਨੁਸਾਰ ਧਰਤੀ ਹੇਠਲੇ ਪਾਣੀ ਵਿੱਚ ਕਲੋਰਪਾਈਰੀਫੋਸ, ਐਂਡੋਸਲਫਾਨ ਤੇ ਹੈਪਟਾਕਲੋਰ ਵਰਗੇ ਨੁਕਸਾਨਦੇਹ ਤੱਤਾਂ ਦੇ ਅਵਸ਼ੇਸ਼ ਪਾਏ ਗਏ ਹਨ।

ਇਸੇ ਤਰ੍ਹਾਂ ਸਬਜ਼ੀਆਂ ਵਿੱਚ ਵੀ ਇਨ੍ਹਾਂ ਦੇ ਅਵਸ਼ੇਸ਼ ਪਾਏ ਗਏ ਹਨ ਜਦੋਂਕਿ ਕਲੋਰਪਾਈਰੀਫੋਸ ਤੇ ਹੈਪਟੈਕਲੋਰ ਤੋਂ ਇਲਾਵਾ, ਡਾਇਕਲੋਰੋਡੀਫੀਨ, ਐਲਡਰਿਨ ਤੇ ਮੋਨੋਕ੍ਰੋਟੋਫੋਸ ਕੀਟਨਾਸ਼ਕਾਂ ਦੇ ਅਵਸ਼ੇਸ਼ ਮਨੁੱਖੀ ਖੂਨ ਵਿੱਚ ਪਾਏ ਗਏ ਹਨ। ਇਸੇ ਤਰ੍ਹਾਂ ਮਾਂ ਦੇ ਦੁੱਧ ਵਿੱਚ ਕੀਟਨਾਸ਼ਕਾਂ ਦੇ ਅਵਸ਼ੇਸ਼ਾਂ ਦੀ ਮੌਜੂਦਗੀ ਨੇ ਵੀ ਚਿੰਤਾਵਾਂ ਵਧਾ ਦਿੱਤੀਆਂ ਹਨ। ਇਸ ਨਾਲ ਬੱਚਿਆਂ ਵਿੱਚ ਦੰਦਾਂ ਦਾ ਸੜਨ, ਕੁਪੋਸ਼ਣ, ਬੋਲਣ ਵਿੱਚ ਦੇਰੀ ਤੇ ਗੈਸ, ਉਲਟੀਆਂ, ਮਤਲੀ ਤੇ ਪੇਟ ਦਰਦ ਵਰਗੀਆਂ ਗੈਸਟਰੋਇੰਟੇਸਟਾਈਨਲ ਸਮੱਸਿਆਵਾਂ ਸ਼ਾਮਲ ਹਨ। 

ਇਸੇ ਤਰ੍ਹਾਂ ਅਧਿਐਨ ਵਿੱਚ ਗਾਂ ਤੇ ਮੱਝ ਦੇ ਦੁੱਧ ਵਿੱਚ ਕੀਟਨਾਸ਼ਕਾਂ ਦੇ ਅਵਸ਼ੇਸ਼ਾਂ ਦੀ ਮੌਜੂਦਗੀ ਦਾ ਵੀ ਪਤਾ ਲੱਗਿਆ ਹੈ, ਜੋ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ ਕਿ ਦੁੱਧ ਦਾ ਸੇਵਨ ਵੀ ਸਿਹਤ ਲਈ ਖ਼ਤਰਨਾਕ ਹੈ। ਇਹ ਰਿਪੋਰਟ ਪੀਜੀਆਈ ਦੇ ਕਮਿਊਨਿਟੀ ਮੈਡੀਸਨ ਵਿਭਾਗ ਦੇ ਪ੍ਰੋਫੈਸਰ ਡਾ. ਜੇਐਸ ਠਾਕੁਰ ਦੁਆਰਾ ਤਿਆਰ ਕੀਤੀ ਗਈ ਹੈ। ਇਸੇ ਤਰ੍ਹਾਂ ਦੂਸ਼ਿਤ ਪਾਣੀ ਵੀ ਸੂਬੇ ਦੇ ਲੋਕਾਂ ਦੀ ਸਿਹਤ 'ਤੇ ਹਾਨੀਕਾਰਕ ਪ੍ਰਭਾਵ ਪਾ ਰਿਹਾ ਹੈ। ਇਹ ਪਾਣੀ ਲੋਕਾਂ ਦੇ ਸਰੀਰ ਵਿੱਚ ਘੁਲ ਰਿਹਾ ਹੈ, ਜੋ ਕੈਂਸਰ ਨੂੰ ਜਨਮ ਦੇ ਰਿਹਾ ਹੈ। 

ਇਸ ਅਧਿਐਨ ਵਿੱਚ ਧਰਤੀ ਹੇਠਲੇ ਪਾਣੀ, ਸਬਜ਼ੀਆਂ ਤੇ ਮਨੁੱਖੀ ਪਿਸ਼ਾਬ ਵਿੱਚ ਭਾਰੀ ਧਾਤਾਂ ਦੀ ਮੌਜੂਦਗੀ ਦਾ ਵੀ ਖੁਲਾਸਾ ਹੋਇਆ ਹੈ। ਪੰਜਾਬ ਵਿੱਚ ਹੋਏ ਇੱਕ ਅਧਿਐਨ ਅਨੁਸਾਰ, ਇੱਕ ਜ਼ਿਲ੍ਹੇ ਵਿੱਚ ਔਰਤਾਂ ਵਿੱਚ ਛਾਤੀ ਤੇ ਬੱਚੇਦਾਨੀ ਦੇ ਕੈਂਸਰ ਦੇ ਕੇਸ ਵੱਧ ਰਹੇ ਹਨ, ਜਦੋਂ ਕਿ ਦੂਜੇ ਜ਼ਿਲ੍ਹਿਆਂ ਵਿੱਚ ਬਲੱਡ ਕੈਂਸਰ, ਲਿੰਫੋਮਾ ਤੇ ਹੱਡੀਆਂ ਦੇ ਕੈਂਸਰ ਦਾ ਖ਼ਤਰਾ ਵੱਧ ਗਿਆ ਹੈ।

ਅਧਿਐਨ ਵਿੱਚ ਸਿਫ਼ਾਰਸ਼ ਕੀਤੀ ਗਈ ਹੈ ਕਿ ਇਨ੍ਹਾਂ ਜੋਖਮਾਂ ਨੂੰ ਘਟਾਉਣ ਲਈ ਕਿਸਾਨਾਂ ਨੂੰ ਕੀਟਨਾਸ਼ਕਾਂ ਦੀ ਘੱਟ ਵਰਤੋਂ ਕਰਨ ਦੇ ਨਾਲ ਹੀ ਜੈਵਿਕ ਖੇਤੀ ਵੱਲ ਮੁੜਨ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ, ਜਿਸ ਲਈ ਕਿਸਾਨਾਂ ਨੂੰ ਵਿਸ਼ੇਸ਼ ਸਬਸਿਡੀਆਂ ਦਿੱਤੀਆਂ ਜਾ ਸਕਦੀਆਂ ਹਨ। ਇਸ ਸਬੰਧੀ ਨੀਤੀ ਲਿਆਉਣ 'ਤੇ ਵੀ ਜ਼ੋਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਕੀਟਨਾਸ਼ਕਾਂ ਦੀ ਉਪਲਬਧਤਾ ਤੇ ਫਸਲਾਂ ਵਿੱਚ ਉਨ੍ਹਾਂ ਦੀ ਵਰਤੋਂ ਦੀ ਨਿਗਰਾਨੀ ਲਈ ਇੱਕ ਪ੍ਰਣਾਲੀ ਵਿਕਸਤ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਢੁਕਵੇਂ ਕਦਮ ਚੁੱਕਣ 'ਤੇ ਵੀ ਜ਼ੋਰ ਦਿੱਤਾ ਗਿਆ ਹੈ।