ਚੰਡੀਗੜ੍ਹ: ਮੱਧ ਪ੍ਰਦੇਸ਼, ਰਾਜਸਥਾਨ ਤੇ ਪੱਛਮੀ ਬੰਗਾਲ ਤੋਂ ਬਾਅਦ ਹੁਣ ਪੰਜਾਬ ਨੇ ਵੀ ਕੇਂਦਰ ਸਰਕਾਰ ਵੱਲੋਂ ਸੋਧਿਆ ਮੋਟਰ ਵਹੀਕਲ ਐਕਟ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪੰਜਾਬ ਦੇ ਅਧਿਕਾਰੀਆਂ ਮੁਤਾਬਕ ਸੋਧੇ ਹੋਏ ਐਕਟ ਦੀਆਂ ਨਵੀਆਂ ਵਿਵਸਥਾਵਾਂ ਨੂੰ ਪਹਿਲਾਂ ਸਾਰੇ ਸਬੰਧਤ ਹਿੱਤਧਾਰਕਾਂ ਨਾਲ ਵਿਚਾਰਿਆ ਜਾਵੇਗਾ। ਇਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ। ਇਸ ਲਈ ਪੰਜਾਬ ਸਰਕਾਰ ਨੇ ਪੂਰੇ ਦੇਸ਼ ਵਿੱਚ ਪਹਿਲੀ ਸਤੰਬਰ ਤੋਂ ਅਮਲ ਵਿੱਚ ਆਏ ਸੋਧੇ ਹੋਏ ਮੋਟਰ ਵਹੀਕਲ ਐਕਟ ਨੂੰ ਲਾਗੂ ਕਰਨ ’ਤੇ ਰੋਕ ਲਾ ਦਿੱਤੀ ਹੈ। ਪੰਜਾਬ ਸਰਕਾਰ ਨੇ ਇਸ ਬਾਰੇ ਨੋਟੀਫਿਕੇਸ਼ਨ ਲਾਗੂ ਹੀ ਨਹੀਂ ਕੀਤਾ। ਏਡੀਜੀਪੀ (ਟਰੈਫ਼ਿਕ) ਡਾ. ਸ਼ਰਦ ਸੱਤਿਆ ਚੌਹਾਨ ਨੇ ਜ਼ਿਲ੍ਹਾ ਪੁਲਿਸ ਮੁਖੀਆਂ ਤੇ ਪੁਲਿਸ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਜਦੋਂ ਤੱਕ ਸਟੇਟ ਟਰਾਂਸਪੋਰਟ ਵਿਭਾਗ ਨਵੇਂ ਮੋਟਰ ਵਹੀਕਲ ਬਿੱਲ (ਸੋਧਿਆ) ਸਬੰਧ ’ਚ ਨੋਟੀਫਿਕੇਸ਼ਨ ਜਾਰੀ ਨਹੀਂ ਕਰਦਾ, ਉਦੋਂ ਤੱਕ ਮੌਕੇ ਉੱਤੇ ਭੁਗਤਾਨ (ਕੰਪਾਂਊਡੇਬਲ ਚਲਾਨ) ਕਰਨ ਵਾਲੇ ਚਲਾਨਾਂ ਦੀ ਪੁਰਾਣੀ ਦਰ ਨਾਲ ਹੀ ਕਾਰਵਾਈ ਅਮਲ ’ਚ ਲਿਆਂਦੀ ਜਾਵੇ।