Punjab-Himachal Drivers-Conductors Fight: ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਡਰਾਈਵਰਾਂ ਤੇ ਕੰਡਕਟਰਾਂ ਵਿਚਾਲੇ ਖੂਬ ਲੜਾਈ ਹੋਈ। ਇਸ ਦਾ ਵੀਡੀਓ ਵਾਇਰਲ ਹੋਇਆ ਹੈ। ਵੀਡੀਓ ਵਿੱਚ ਡਰਾਈਵਰ ਤੇ ਕੰਡਕਟਰ ਇੱਕ ਦੂਜੇ ਨੂੰ ਕੁੱਟ ਰਹੇ ਹਨ। ਬੇਸ਼ੱਕ ਮਾਮਲੇ ਦਾ ਅਸਲ ਕਾਰਨ ਅਜੇ ਸਾਹਮਣੇ ਨਹੀਂ ਆਇਆ ਪਰ ਹਿਮਾਚਲ ਦੇ ਡਰਾਈਵਰ ਦਾ ਕਹਿਣਾ ਹੈ ਕਿ ਪੰਜਾਬ ਦੇ ਡਰਾਈਵਰ ਨੇ ਉਸ ਨੂੰ ਥੱਪੜ ਜੜਿਆ ਸੀ। ਇਸ ਮਗਰੋਂ ਮਾਮਲਾ ਵਧ ਗਿਆ।

ਦਰਅਅਸਲ ਅੱਜ ਚੰਡੀਗੜ੍ਹ-ਧਰਮਸ਼ਾਲਾ ਹਾਈਵੇਅ 'ਤੇ ਨੰਗਲ ਵਿਖੇ ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ (HRTC) ਤੇ ਪੰਜਾਬ ਰੋਡਵੇਜ਼ ਦੇ ਡਰਾਈਵਰ-ਕੰਡਕਟਰ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਦੌਰਾਨ ਦੋਵਾਂ ਧਿਰਾਂ ਨੇ ਇੱਕ-ਦੂਜੇ ਨੂੰ ਖੂਬ ਥੱਪੜ ਤੇ ਮੁੱਕੇ ਮਾਰੇ। ਮੌਕੇ 'ਤੇ ਮੌਜੂਦ ਲੋਕਾਂ ਨੇ ਵਿੱਚ ਪੈ ਕੇ ਮਾਮਲਾ ਸ਼ਾਂਤ ਕੀਤਾ। ਇਸ ਲੜਾਈ ਦੀ ਵੀਡੀਓ ਵਾਇਰਲ ਹੋ ਰਹੀ ਹੈ।

HRTC ਬੱਸ ਵਿੱਚ ਸਫ਼ਰ ਕਰ ਰਹੇ ਯਾਤਰੀਆਂ ਅਨੁਸਾਰ ਜਦੋਂ ਹਿਮਾਚਲ ਬੱਸ ਦਾ ਡਰਾਈਵਰ ਨੰਗਲ ਬੱਸ ਸਟੈਂਡ 'ਤੇ ਟਿਕਟਾਂ ਕੱਟ ਕਰ ਰਿਹਾ ਸੀ ਤਾਂ ਪੰਜਾਬ ਰੋਡਵੇਜ਼ ਦੇ ਡਰਾਈਵਰ ਨੇ ਹਿਮਾਚਲ ਦੇ ਡਰਾਈਵਰ ਨੂੰ ਚੱਲਦੀ ਬੱਸ ਤੋਂ ਥੱਪੜ ਮਾਰ ਦਿੱਤਾ। ਇਸ ਮਗਰੋਂ ਮਾਮਲਾ ਗਰਮਾ ਗਿਆ। ਹਿਮਾਚਲ ਬੱਸ ਕੰਡਕਟਰ ਕੁਲਦੀਪ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਬੱਸ ਇੱਥੇ ਹਰ ਰੋਜ਼ ਕਾਊਂਟਰ 'ਤੇ ਰੁਕਦੀ ਹੈ। ਅੱਜ ਵੀ ਜਦੋਂ ਉਹ ਟਿਕਟ ਕੱਟ ਰਹੇ ਸਨ, ਤਾਂ ਪੰਜਾਬ ਰੋਡਵੇਜ਼ ਬੱਸ ਦੇ ਡਰਾਈਵਰ ਨੇ ਹਿਮਾਚਲ ਬੱਸ ਦੇ ਡਰਾਈਵਰ ਨੂੰ ਥੱਪੜ ਮਾਰ ਦਿੱਤਾ।

ਦੋਵਾਂ ਰਾਜਾਂ ਦੇ ਡਰਾਈਵਰ-ਕੰਡਕਟਰਾਂ ਵਿਚਕਾਰ ਲੜਾਈ ਤੋਂ ਬਾਅਦ ਹਾਈਵੇਅ 'ਤੇ ਲੰਮਾ ਟ੍ਰੈਫਿਕ ਜਾਮ ਹੋ ਗਿਆ। ਇਸ ਕਾਰਨ ਲੋਕਾਂ ਨੂੰ ਲੰਬੇ ਸਮੇਂ ਤੱਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬਾਅਦ ਵਿੱਚ ਮਾਮਲਾ ਸ਼ਾਂਤ ਕੀਤਾ ਗਿਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਸੈਲਾਨੀਆਂ ਨਾਲ ਬਦਸਲੂਕੀ ਕਰਨ ਕਰਕੇ ਦੋਵਾਂ ਸੂਬਿਆਂ ਵਿਚਾਲੇ ਤਣਾਅ ਵਧ ਗਿਆ ਸੀ। ਇਸ ਲਈ ਦੋਵੇਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਗੱਲਬਾਤ ਕਰਕੇ ਮਾਮਲਾ ਸ਼ਾਂਤ ਕਰਨਾ ਪਿਆ ਸੀ।