ਰਵਨੀਤ ਕੌਰ ਦੀ ਰਿਪੋਰਟ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਮੁੱਦਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ 'ਤੇ ਤਨਜ਼ ਕੱਸਦਿਆਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਬੇਸ਼ੱਕ 30-40 ਦਿਨ ਪੁਰਾਣੀ ਹੈ ਪਰ ਲੋਕਾਂ 'ਚ ਇੱਕੋ ਗੱਲ ਚੱਲ ਰਹੀ ਹੈ ਕਿ ਇਨ੍ਹਾਂ ਦੇ ਵੱਸ ਦੀ ਗੱਲ ਨਹੀਂ।

ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਸੱਤਾ ਲਈ ਝੂਠ ਬੋਲਿਆ ਹੈ। ਲੋਕਾਂ ਦੇ ਸਪਨੇ ਤੇ ਉਮੀਦ ਵੀ ਟੁੱਟ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਬਿਜਲੀ ਦਾ ਐਲਾਨ ਹੋਇਆ ਸੀ ਤਾਂ ਸਾਰਿਆਂ ਲਈ ਹੋਇਆ ਸੀ, ਕਿਸੇ ਵਿਸ਼ੇਸ਼ ਵਰਗ ਲਈ ਨਹੀਂ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਲਾਅ ਐਂਡ ਆਰਡਰ ਨੂੰ ਛੱਡ ਕੇ ਬਾਕੀ ਸਾਰਿਆਂ ਮਸਲਿਆਂ ਦਾ ਹੱਲ ਪੈਸਾ ਹੈ। ਅੱਜ PSPCL ਕੋਲ ਪੈਸਾ ਨਹੀਂ ਹੈ। ਉਹ ਕਰਜ਼ਾ ਲੈ ਕੇ ਕੰਮ ਚਲਾ ਰਹੇ ਹਨ।

ਉਨ੍ਹਾਂ ਨੇ ਕਿਹਾ ਅੱਜ 8 ਹਜ਼ਾਰ ਦੀ ਡਿਮਾਂਡ ਹੈ ਤੇ ਸਰਕਾਰ ਕੋਲ ਕੋਇਲਾ ਨਹੀਂ ਹੈ ਜਦੋਂ 15 ਹਜ਼ਾਰ ਮੈਗਾਵਾਟ ਦੀ ਡਿਮਾਂਡ ਹੋਵੇਗੀ ਤਾਂ ਕਿਵੇਂ ਪੂਰੀ ਹੋਵੇਗੀ। ਚੰਨੀ ਸਰਕਾਰ ਨੇ ਬਿਜਲੀ ਫਰੀ ਕੀਤੀ ਸੀ ਪਰ ਉਦੋਂ ਹਾਲਾਤ ਅਜਿਹੇ ਨਹੀਂ ਸਨ। ਅੱਜ ਪੰਜਾਬ ਦੇ ਪਿੰਡਾਂ 'ਚ 2 ਘੰਟੇ ਬਿਜਲੀ ਆ ਰਹੀ ਹੈ।

ਕਿਸਾਨਾਂ ਬਾਰੇ ਉਨ੍ਹਾਂ ਨੇ ਗੱਲ ਕਰਦਿਆਂ ਕਿਹਾ ਕਿ 500 ਰੁਪਏ ਅਨਾਜ 'ਤੇ ਬੋਨਸ ਕਿਸਾਨਾਂ ਨੂੰ ਦਿੱਤਾ ਜਾਵੇ। ਮੁੱਖ ਭਗਵੰਤ ਮਾਨ 'ਤੇ ਤਨਜ਼ ਕੱਸਦਿਆਂ ਉਨ੍ਹਾਂ ਨੇ ਕਿਹਾ ਕਿ ਉਹ ਕਦੀ ਗੁਜਰਾਤ ਤੇ ਕਦੀ ਹਿਮਾਚਲ ਹੁੰਦੇ ਹਨ। ਪੰਜਾਬ ਦਾ ਪੈਸਾ ਅੱਜ ਇਸ਼ਿਤਾਰਬਾਜ਼ੀ 'ਚ ਲਾਇਆ ਜਾ ਰਿਹਾ ਹੈ। ਪੰਜਾਬ 'ਚ ਥਾਂ-ਥਾਂ ਕਤਲ ਤੇ ਲੁੱਟ ਹੋ ਰਹੀ ਪਰ ਪੰਜਾਬ ਸਰਕਾਰ ਉਸ ਵੱਲ ਧਿਆਨ ਨਹੀਂ ਦੇ ਰਹੀ ਹੈ।  ਮੈਂ ਪਹਿਲਾਂ ਹੀ ਕਿਹਾ ਸੀ ਏਥੇ ਪੰਜਾਬ ਮਾਡਲ ਚੱਲੇਗਾ ਦਿੱਲੀ ਮਾਡਲ ਨਹੀਂ। ਇਸ ਦੌਰਾਨ ਉਨ੍ਹਾਂ ਨੇ ਇਹ ਕਿਹਾ ਕਿ ਪੰਜਾਬ ਪੁਲਿਸ ਦਾ ਇਸਤੇਮਾਲ ਸਿਆਸੀ ਬਦਲਾ ਲੈਣਾ ਲਈ ਕੀਤਾ ਜਾ ਰਿਹਾ ਹੈ।