ਸ਼ੰਕਰ ਦਾਸ ਦੀ ਰਿਪੋਰਟ 

 

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਈਦ-ਉਲ-ਫਿਤਰ ਮੌਕੇ ਮਲੇਰਕੋਟਲਾ ਪਹੁੰਚੇ ਸਨ। ਜਿੱਥੇ ਭਗਵੰਤ ਮਾਨ ਨੰਗੇ ਪੈਰੀਂ ਈਦਗਾਹ ਪਹੁੰਚੇ ਤੇ ਈਦ ਉਲ ਫਿਤਰ ਮੌਕੇ ਹਾਜ਼ਰੀ ਭਰੀ। ਇਸ ਦੌਰਾਨ ਉਨ੍ਹਾਂ ਕੁਝ ਤਸਵੀਰਾਂ ਫੇਸਬੁੱਕ 'ਤੇ ਸਾਝੀਆਂ ਕਰਦਿਆਂ ਲਿਖਿਆ -'ਪੰਜਾਬ ਗੁਰੂਆਂ, ਪੀਰਾਂ, ਫਕੀਰਾਂ, ਸ਼ਾਇਰਾਂ ਤੇ ਸ਼ਹੀਦਾਂ ਦੀ ਧਰਤੀ ਹੈ...ਇਹ ਉਪਜਾਊ ਧਰਤੀ ਹੈ ਪਰ ਇੱਥੇ ਨਫਰਤ ਦੇ ਬੀਜ ਕਦੇ ਨਹੀਂ ਉਗਦੇ। ਇਹ ਤਸਵੀਰਾਂ ਉਹਨਾਂ ਲੋਕਾਂ ਨੂੰ ਆਪ ਜਵਾਬ ਦੇ ਰਹੀਆਂ ਨੇ ਜੋ ਪੰਜਾਬ 'ਤੇ ਮਾੜੀ ਅੱਖ ਰੱਖਦੇ ਨੇ। 
 

ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਈਦ ਇਕ ਅਜਿਹਾ ਤਿਉਹਾਰ ਹੈ ਜੋ ਸਾਨੂੰ ਦੂਜਿਆਂ ਦੇ ਦੁੱਖ-ਸੁੱਖ ਦਾ ਅਹਿਸਾਸ ਕਰਵਾਉਂਦਾ ਹੈ ਅਤੇ ਇਹ ਪਵਿੱਤਰ ਤਿਉਹਾਰ ਭਾਈਚਾਰਕ ਸਾਂਝ, ਸ਼ਾਂਤੀ ਅਤੇ ਸਦਭਾਵਨਾ ਦਾ ਪ੍ਰਤੀਕ ਹੈ। ਸੂਬੇ ਦੇ ਲੋਕਾਂ ਵਿੱਚ ਮਜ਼ਬੂਤ ਸਮਾਜਿਕ ਸਾਂਝ ਨੂੰ ਕਮਜ਼ੋਰ ਕਰਨ ਦੀਆਂ ਨਾਪਾਕ ਕੋਸ਼ਿਸ਼ਾਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਸਰਕਾਰ ਬਖਸ਼ੇਗੀ ਨਹੀਂ।

 

ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਬਣੇ ਜ਼ਿਲ੍ਹੇ ਵਿੱਚ ਲੋੜੀਂਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਮਾਲੇਰਕੋਟਲਾ ਨੂੰ ਸਿਰਫ਼ ਜ਼ਿਲ੍ਹੇ ਦਾ ਦਰਜਾ ਦਿੱਤਾ ਸੀ ਪਰ ਇਸ ਨੂੰ ਸਹੀ ਅਰਥਾਂ ਵਿੱਚ ਜ਼ਿਲ੍ਹਾ ਬਣਾਉਣ ਲਈ ਹਾਲੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ।

 

ਉਨ੍ਹਾਂ ਕਿਹਾ ਕਿ ਉਹ ਮਾਲੇਰਕੋਟਲਾ ਦੀਆਂ ਲੋੜਾਂ ਤੋਂ ਭਲੀ-ਭਾਂਤ ਜਾਣੂ ਹਨ ਅਤੇ ਜ਼ਿਲ੍ਹੇ ਵਿੱਚ ਸਿੱਖਿਆ ਤੇ ਸਿਹਤ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਤਰਜ਼ੀਹ ਦਿੱਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਈਦ-ਉਲ-ਫਿਤਰ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਲੇਰਕੋਟਲੇ ਵਿਚ ਅਜਿਹੇ ਸਕੂਲ ਬਣਾਵਾਂਗੇ ਕਿ ਤੁਹਾਡੇ ਰਿਸ਼ਤੇਦਾਰ ਇੱਥੇ ਆ ਕੇ ਫੋਟੋਆਂ ਖਿੱਚਣਗੇ। 

 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉਨ੍ਹਾਂ ਟਵੀਟ ਕਰਕੇ ਕਿਹਾ- ਭਾਈਚਾਰਾ ਅਤੇ ਏਕਤਾ ਦੀ ਮਿਸਾਲ ਤਿਉਹਾਰ 'ਈਦ-ਉੱਲ-ਫ਼ਿਤਰ' ਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ। ਦੁਆ ਕਰਦੇ ਹਾਂ ਕਿ ਪੰਜਾਬ ਦਾ ਭਾਈਚਾਰਕ ਮਾਹੌਲ ਇਸੇ ਤਰ੍ਹਾਂ ਖੁਸ਼ਗਵਾਰ ਬਣਿਆ ਰਹੇ ਤੇ ਇਹ ਤਿਉਹਾਰ ਸਭ ਦੇ ਜੀਵਨ ਵਿੱਚ ਖ਼ੁਸ਼ਹਾਲੀ ਅਤੇ ਤਰੱਕੀਆਂ ਲੈ ਕੇ ਆਵੇ।