ਹੁਸ਼ਿਆਰਪੁਰ: ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਇਕ ਪਹਿਲ ਕਰਦਿਆਂ ਪੰਜਾਬ ਦੀ ਪਹਿਲੀ ਆਨਲਾਈਨ ਰੁਜ਼ਗਾਰ ਮੋਬਾਇਲ ਐਪ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਲੋਂ ਡੀ.ਬੀ.ਈ.ਈ. ਆਨਲਾਈਨ ਨਾਮ ਤੋਂ ਇਸ ਮੋਬਾਇਲ ਐਪ ਦੀ ਸ਼ੁਰੂਆਤ ਕੀਤੀ ਗਈ।
ਉਨ੍ਹਾਂ ਕਿਹਾ ਕਿ ਇਸ ਐਪ ਨੇ ਨੌਜਨਾਵਾਂ ਨੂੰ ਇੱਕ ਇਸ ਤਰ੍ਹਾਂ ਦਾ ਮੰਚ ਪ੍ਰਦਾਨ ਕੀਤਾ ਹੈ, ਜਿਸ ਰਾਹੀਂ ਉਹ ਕਿਤੇ ਵੀ ਬੈਠੇ ਡਿਜੀਟਲ ਮਾਧਿਅਮ ਨਾਲ ਨਾ ਸਿਰਫ ਨੌਕਰੀਆਂ ਦੇ ਲਈ ਜਾਣਕਾਰੀ ਹਾਸਲ ਕਰਕੇ ਬੇਨਤੀ ਪੱਤਰ ਦੇ ਸਕਣਗੇ, ਬਲਕਿ ਸਵੈ ਰੁਜ਼ਗਾਰ ਸ਼ੁਰੂ ਕਰਨ ਦੇ ਲਈ ਵੱਖ-ਵੱਖ ਸਰਕਾਰੀ ਯੋਜਨਾਵਾਂ ਤਹਿਤ ਕਰਜਾ ਸਬੰਧੀ ਬੇਨਤੀ ਪੱਤਰ ਵੀ ਕਰ ਸਕਣਗੇ।
ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਗੁਗਲ ਪਲੇਅ ਸਟੋਰ ਜਾਂ ਐਪ ਸਟੋਰ ’ਤੇ ਜਾ ਕੇ ਇਸ ਐਪ ਨੂੰ ਡਾਊਨਲੋਡ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਐਪ ਨੂੰ ਸ਼ੁਰੂ ਕਰਨ ਦਾ ਕਰੈਡਿਟ ਜ਼ਿਲ੍ਹਾ ਰੁਜ਼ਗਾਰ ਬਿਊਰੋ ਦੀ ਟੀਮ ਨੂੰ ਜਾਂਦਾ ਹੈ।
ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਵਰਚੁਅਲ ਤਰੀਕੇ ਨਾਲ ਜ਼ਿਲ੍ਹੇ ਦੇ ਨੌਜਨਾਵਾਂ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਇਸ ਐਪ ਦੇ ਬਾਰੇ ਵਿੱਚ ਵਿਸਥਾਰ ਨਾਲ ਜਾਣਕਾਰੀ ਵੀ ਦਿੱਤੀ।
ਸਰਕਾਰੀ ਸਕੂਲਾਂ ਦੇ ਸਮਾਰਟ ਫੋਨ ਪਾਉਣ ਵਾਲੇ ਲਾਭਪਾਤਰੀ ਬੱਚਿਆਂ ਦੇ ਫੋਨ ’ਤੇ ਕਰਵਾਈ ਜਾਵੇਗੀ ਐਪ ਡਾਊਨਲੋਡ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੇ ਜਿਨ੍ਹਾਂ ਬੱਚਿਆਂ ਨੂੰ ਸਮਾਰਟ ਫੋਨ ਦਿੱਤੇ ਗਏ ਹਨ, ਉਨ੍ਹਾਂ ਦੇ ਮੋਬਾਇਲ ’ਤੇ ਇਹ ਐਪ ਡਾਊਨਲੋਡ ਕਰਵਾਇਆ ਜਾ ਰਿਹਾ ਹੈ, ਤਾਂ ਜੋ ਵੱਧ ਤੋਂ ਵੱਧ ਬੱਚਿਆਂ ਨੂੰ ਰੁਜ਼ਗਾਰ ਦੇ ਮੌਕੇ ਮਿਲ ਸਕਣ ਅਤੇ ਉਹ ਇਸਦਾ ਲਾਭ ਚੁੱਕ ਸਕਣ। ਇਸ ਸਬੰਧ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਹਦਾਇਤ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਿੰਡਾਂ ਦੇ ਸਰਪੰਚਾਂ ਅਤੇ ਜੀ.ਓ.ਜੀਜ਼ ਦੇ ਮੋਬਾਇਲ ’ਤੇ ਵੀ ਇਸ ਐਪ ਨੂੰ ਡਾਊਨਲੋਡ ਕਰਵਾਇਆ ਜਾਵੇਗਾ ਤਾਂ ਜੋ ਪੇਂਡੂ ਲੋਕਾਂ ਨੂੰ ਵੀ ਹਰ ਜਾਣਕਾਰੀ ਮੁਹੱਈਆਂ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਐਪ ਦਾ ਉਦੇਸ਼ ਇਹੀ ਹੈ ਕਿ ਵੱਧ ਤੋਂ ਵੱਧ ਲੋਕਾਂ ਤੱਕ ਰੋਜ਼ਗਾਰ ਦੇ ਮੌਕੇ ਪਹੁੰਚ ਸਕਣ।