Punjab Lok Sabha Elections 2024:: ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਇਸ ਸਮੇਂ ਉਹ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਅੰਮ੍ਰਿਤਪਾਲ ਸਿੰਘ ਨੂੰ ਅਪ੍ਰੈਲ 2023 ਵਿੱਚ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਉਦੋਂ ਤੋਂ ਉਹ ਆਪਣੇ ਸਾਥੀਆਂ ਸਮੇਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਫਿਲਹਾਲ ਅੰਮ੍ਰਿਤਪਾਲ ਸਿੰਘ ਦੀ ਨਾਮਜ਼ਦਗੀ ਚੋਣ ਕਮਿਸ਼ਨ ਨੇ ਪ੍ਰਵਾਨ ਕਰ ਲਈ ਹੈ।


ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਪੰਜਾਬ ਦੇ ਇੱਕ ਦਿੱਗਜ ਆਗੂ ਹਨ, ਜਿਨ੍ਹਾਂ ਨੇ ਜੇਲ੍ਹ ਵਿੱਚ ਰਹਿੰਦਿਆਂ ਚੋਣ ਲੜੀ ਸੀ। ਇੰਨਾ ਹੀ ਨਹੀਂ ਉਨ੍ਹਾਂ ਨੇ 4 ਲੱਖ ਤੋਂ ਵੱਧ ਵੋਟਾਂ ਨਾਲ ਚੋਣ ਵੀ ਜਿੱਤੀ। ਅੰਮ੍ਰਿਤਪਾਲ ਸਿੰਘ ਦੀ ਨਾਮਜ਼ਦਗੀ ਚੋਣ ਕਮਿਸ਼ਨ ਵੱਲੋਂ ਪ੍ਰਵਾਨ ਕਰ ਲਏ ਜਾਣ ਤੋਂ ਬਾਅਦ ਹੁਣ ਚੋਣ ਲੜਨਾ ਉਨ੍ਹਾਂ ਦਾ ਫਰਜ਼ ਬਣ ਗਿਆ ਹੈ। ਹੁਣ ਸਮਾਂ ਹੀ ਦੱਸੇਗਾ ਕਿ ਅੰਮ੍ਰਿਤਪਾਲ ਇਸ ਚੋਣ ਵਿੱਚ ਜਿੱਤ ਦਰਜ ਕਰ ਸਕੇਗਾ ਜਾਂ ਨਹੀਂ। ਪਰ ਪੰਜਾਬ ਦੇ ਸਾਬਕਾ ਆਈਪੀਐਸ ਅਧਿਕਾਰੀ ਅਤੇ ਸੀਨੀਅਰ ਆਗੂ ਸਿਮਰਨਜੀਤ ਸਿੰਘ ਮਾਨ ਵੀ ਜੇਲ੍ਹ ਵਿੱਚ ਰਹਿੰਦਿਆਂ ਹੀ ਚੋਣ ਲੜ ਚੁੱਕੇ ਹਨ।


ਸਿਮਰਨਜੀਤ ਸਿੰਘ ਮਾਨ 1989 ਵਿੱਚ ਭਾਗਲਪੁਰ ਜੇਲ੍ਹ ਵਿੱਚ ਬੰਦ ਸਨ, ਜਦੋਂ ਉਨ੍ਹਾਂ ਨੇ ਤਰਨਤਾਰਨ ਤੋਂ ਚੋਣ ਲੜੀ ਸੀ। ਇੰਨਾ ਹੀ ਨਹੀਂ ਜੇਲ 'ਚ ਰਹਿੰਦਿਆਂ ਉਨ੍ਹਾਂ ਨੇ ਸਾਢੇ ਚਾਰ ਲੱਖ ਤੋਂ ਵੱਧ ਵੋਟਾਂ ਨਾਲ ਚੋਣ ਜਿੱਤੀ ਸੀ। ਉਸ ਸਾਲ ਸਿਮਰਨਜੀਤ ਸਿੰਘ ਮਾਨ ਨੂੰ ਪੰਜਾਬ ਵਿਚ ਸਭ ਤੋਂ ਵੱਡੀ ਜਿੱਤ ਮਿਲੀ। ਹਾਲਾਂਕਿ, ਮਾਨ ਨੇ ਕਿਰਪਾਨ ਤੋਂ ਬਿਨਾਂ ਸੰਸਦ ਜਾਣ ਤੋਂ ਇਨਕਾਰ ਕਰ ਦਿੱਤਾ ਤੇ ਬਾਅਦ ਵਿੱਚ ਅਸਤੀਫਾ ਦੇ ਦਿੱਤਾ। ਹੁਣ ਸਿਮਰਨਜੀਤ ਸਿੰਘ ਮਾਨ ਵੀ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਅੰਮ੍ਰਿਤਪਾਲ ਸਿੰਘ ਦਾ ਸਮਰਥਨ ਕਰ ਰਹੇ ਹਨ।


ਕੌਣ ਕਿਸ ਪਾਰਟੀ ਤੋਂ ਲੜ ਰਿਹਾ ਚੋਣ ?


ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਅੰਮ੍ਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ, ਕਾਂਗਰਸ ਵੱਲੋਂ ਕੁਲਬੀਰ ਸਿੰਘ ਜ਼ੀਰਾ, ਆਮ ਆਦਮੀ ਪਾਰਟੀ ਵੱਲੋਂ ਲਾਲਜੀਤ ਸਿੰਘ ਭੁੱਲਰ, ਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਅਤੇ ਭਾਜਪਾ ਵੱਲੋਂ ਮਨਜੀਤ ਸਿੰਘ ਮੰਨਾ ਚੋਣ ਮੈਦਾਨ ਵਿੱਚ ਹਨ। ਦੱਸ ਦੇਈਏ ਕਿ ਪੰਜਾਬ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਹਨ।