Gurmeet ram rahim: ਕਤਲ ਤੇ ਬਲਾਤਕਾਰ ਵਰਗੇ ਮਾਮਲਿਆਂ ਵਿੱਚ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਇਸ ਵੇਲੇ ਪੇਰੋਲ ਉੱਤੇ ਬਾਹਰ ਹੈ ਤੇ ਇਸ ਦੌਰਾਨ ਉਸ ਵੱਲੋਂ ਕੀਤੇ ਗਏ ਚੈਲੰਜ ਨਾਲ ਇੱਕ ਵਾਰ ਮੁੜ ਤੋਂ ਮਾਹੌਲ ਗਰਮਾਉਂਦਾ ਵਿਖਾਈ ਦੇ ਰਿਹਾ ਹੈ। ਰਾਮ ਰਹੀਮ ਨੇ ਬਿਨਾਂ ਨਾਂਅ ਲਏ ਐਸਜੀਪੀਸੀ ਨੂੰ ਚੈਲੰਜ ਕੀਤਾ ਸੀ ਕਿ ਪਹਿਲਾਂ ਆਪਣੇ ਧਰਮ ਦੇ ਲੋਕਾਂ ਦਾ ਨਸ਼ਾ ਛਡਾ ਲਓ, ਆ ਜਾਓ ਖੁੱਲ੍ਹੇ ਮੈਦਾਨ ਵਿੱਚ ਸਾਡਾ ਚੈਲੰਜ ਹੈ।


ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਆਉਣ ਪੰਜਾਬ ਸਰਕਾਰ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਰਾਮ ਰਹੀਮ ਨੂੰ ਠੋਕਵਾਂ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਮ ਰਹੀਮ ਨੂੰ ਸਾਡੇ ਧਰਮ ਬਾਰੇ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ। ਸਾਡੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤੇ ਇਸ ਕੰਮ ਵਿੱਚ ਸਰਕਾਰ ਵੀ ਲੱਗੀ ਹੈ ਸਾਨੂੰ ਰਾਮ ਰਹੀਮ ਤੋਂ ਸਲਾਹ ਲੈਣ ਦੀ ਲੋੜ ਨਹੀਂ ਹੈ।


ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤ ਵੱਲੋਂ ਰਾਮ ਰਹੀਮ ਦੀ ਪੇਰੋਲ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੌਰਾਨ ਰਾਮ ਰਹੀਮ ਵੱਲੋਂ 29 ਜਨਵਰੀ ਨੂੰ ਪੰਜਾਬ ਦੇ ਸਭ ਤੋਂ ਵੱਡੇ ਡੇਰੇ ਸਲਾਬਤਪੁਰਾ ਵਿੱਚ ਵੀ ਵਰਚੁਅਲੀ ਸਤਿਸੰਗ ਕੀਤੀ ਸੀ ਜਿਸ ਦਾ ਵੀ ਪੰਜਾਬ ਵਿੱਚ ਵਿਰੋਧ ਕੀਤਾ ਗਿਆ ਸੀ। ਇਸ ਤੋਂ ਇਲਾਵਾ ਰਾਮ ਰਹੀਮ ਦੀ ਪੇਰੋਲ ਦੇ ਖ਼ਿਲਾਫ਼ ਐਸਜੀਪੀਸੀ ਵੱਲੋਂ ਹਾਈਕੋਰਟ ਵਿੱਚ ਅਰਜੀ ਲਾਈ ਗਈ ਹੈ ਜਿਸ ਦੇ ਜਵਾਬ ਵਿੱਚ ਲਗਦਾ ਹੈ ਕਿ ਰਾਮ ਰਹੀਮ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ।


ਜ਼ਿਕਰ ਕਰ ਦਈਏ ਕਿ ਪੰਜਾਬ ਵਿੱਚ ਰਾਮ ਰਹੀਮ ਨੂੰ ਵਾਰ-ਵਾਰ ਮਿਲ ਰਹੀ ਪੇਰੋਲ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਸਿੱਖ ਜਥੇਬੰਦੀਆਂ ਇੱਥੇ ਵੱਡੇ ਤੇ ਜਾਇਜ਼ ਸਵਾਲ ਖੜ੍ਹੇ ਕਰ ਰਹੀਆਂ ਹਨ ਕਿ ਆਖ਼ਰ ਰਾਮ ਰਹੀਮ ਨੂੰ ਵਾਰ-ਵਾਰ ਪੇਰੋਲ ਇਸ ਤਰ੍ਹਾਂ ਮਿਲ ਰਹੀ ਹੈ ਤੇ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਅਜੇ ਤੱਕ ਸਰਕਾਰ ਰਿਹਾਅ ਨਹੀਂ ਕਰ ਰਹੀ ਹੈ। ਉਨ੍ਹਾਂ ਵੱਲੋਂ ਸਰਕਾਰ ਦੀ ਦੀ ਕਾਨੂੰਨ ਵਿਵਸਥਾ ਉੱਤੇ ਵੀ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਇਸ ਨੂੰ ਲੈ ਕੇ ਮੋਹਾਲੀ ਵਿੱਚ ਸਿੱਖ ਜਥੇਬੰਦੀਆਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਪੱਕਾ ਮੋਰਚਾ ਵੀ ਲਾਇਆ ਜਾ ਰਿਹਾ ਹੈ।