ਸ਼ੰਕਰ ਦਾਸ ਦੀ ਰਿਪੋਰਟ



ਚੰਡੀਗੜ੍ਹ: ਆਡੀਓ ਮਾਮਲੇ 'ਚ ਘਿਰੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਖਿਲਾਫ਼ ਆਮ ਆਦਮੀ ਪਾਰਟੀ ਵੱਡੀ ਕਾਰਵਾਈ ਕਰ ਸਕਦੀ ਹੈ। ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਆਡੀਓ ਮਾਮਲੇ ਵਿੱਚ ਨੋਟਿਸ ਜਾਰੀ ਕੀਤਾ ਗਿਆ ਹੈ। ਪਾਰਟੀ ਨੇ ਭਾਵੇਂ ਸਰਾਰੀ ਨੂੰ ਨੋਟਿਸ ਜਾਰੀ ਕਰਕੇ ਸਪੱਸ਼ਟੀਕਰਨ ਮੰਗਿਆ ਹੈ ਪਰ ਅਜੇ ਤੱਕ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ।


ਉਧਰ ਚਰਚਾ ਹੈ ਕਿ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਨੇੜੇ ਹੋਣ ਕਾਰਨ ਮੰਨਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਪੰਜਾਬ ਦੇ ਫੂਡ ਪ੍ਰੋਸੈਸਿੰਗ ਤੇ ਬਾਗਬਾਨੀ ਮੰਤਰੀ ਫੌਜਾ ਸਿੰਘ ਸਰਾਰੀ ਦੀ ਕੁਰਸੀ ਜਾ ਸਕਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਜਾਂਚ ਬਾਰੇ ਕਿਹਾ ਹੈ ਪਰ ਜੇਕਰ ਜਾਂਚ ਵਿੱਚ ਵਿੱਚ ਉਹ ਦੋਸ਼ੀ ਪਾਏ ਜਾਂਦੇ ਹਨ ਤਾਂ ਆਪ ਸਰਕਾਰ ਦੇ ਇੱਕ ਹੋਰ ਮੰਤਰੀ 'ਤੇ ਭ੍ਰਿਸ਼ਟਚਾਰ ਦੀ ਗਾਜ ਡਿੱਗ ਸਕਦੀ ਹੈ।

ਵਾਇਰਲ ਆਡੀਓ ਕਲਿੱਪ ਵਿੱਚ ਸਰਰੀ ਨੂੰ ਆਪਣੇ ਓਐਸਡੀ ਤਰਸੇਮ ਲਾਲ ਕਪੂਰ ਨਾਲ ਇੱਕ ਜਬਰਦਸਤੀ ਯੋਜਨਾ ਬਾਰੇ ਚਰਚਾ ਕਰਦੇ ਸੁਣਿਆ ਗਿਆ ਸੀ ਜਿਸ ਤਹਿਤ ਕੁਝ ਅਫਸਰਾਂ ਨੂੰ ਫਸਾਉਣ ਤੇ ਫਿਰ ਉਨ੍ਹਾਂ ਤੋਂ ਪੈਸੇ ਵਸੂਲਣ ਲਈ ਗੱਲਬਾਤ ਕੀਤੀ ਜਾ ਰਹੀ ਹੈ। ਇਸ ਆਡੀਓ ਕਲਿੱਪ ਦੇ ਵਾਇਰਲ ਹੋਣ ਤੋਂ ਬਾਅਦ ਸਾਰਰੀ ਤੇ 'ਆਪ' ਲਈ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ ਕਿਉਂਕਿ ਵਿਰੋਧੀ ਪਾਰਟੀਆਂ ਇਸ ਮਾਮਲੇ 'ਚ 'ਆਪ' ਨੂੰ ਲਗਾਤਾਰ ਘੇਰ ਰਹੀਆਂ ਹਨ। ਵਿਰੋਧੀ ਪਾਰਟੀਆਂ ਦਾ ਕਹਿਣਾ ਕਿ AAP ਜੋ ਖੁਦ ਨੂੰ ਇਮਾਨਦਾਰ ਦੱਸਦੀ ਹੈ ਪਰ ਆਪਣੇ ਹੀ ਮੰਤਰੀ ਦੀ ਭ੍ਰਿਸ਼ਟਾਚਾਰ ਵਾਲੀ ਆਡੀਓ 'ਤੇ ਚੁੱਪੀ ਧਾਰੀ ਬੈਠੀ ਹੈ।

ਹਾਲਾਂਕਿ ਪਾਰਟੀ ਦਾ ਕਹਿਣਾ ਹੈ ਕਿ ਕੋਈ ਵੀ ਹੋਵੇ ਮੰਤਰੀ ਜਾਂ ਵਿਧਾਇਕ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਿਸੇ ਨੂੰ ਨਹੀਂ ਬਖਸ਼ਿਆ ਜਾਵੇਗਾ। ਜੋ ਵੀ ਦੋਸ਼ੀ ਹੋਵੇਗਾ , ਉਸ ਖਿਲਾਫ ਕਾਰਵਾਈ ਹੋਵੇਗੀ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਸਿਹਤ ਮੰਤਰੀ ਵਿਜੈ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਜੇਲ੍ਹ ਭੇਜਿਆ ਗਿਆ ਸੀ, ਹਾਲਾਂਕਿ ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਵਿਰੁੱਧ ਸਾਜਿਸ਼ ਰਚੀ ਗਈ ਸੀ।

ਦੱਸ ਦਈਏ ਕਿ 11 ਸਤੰਬਰ ਨੂੰ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਭਗਵੰਤ ਮਾਨ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਇਹ ਮੰਗ ਫੌਜਾ ਸਿੰਘ ਸਰਾਰੀ ਦੇ OSD ਨਾਲ ਹੋਈ ਗੱਲਬਾਤ ਲੀਕ ਹੋਣ ਤੋਂ ਬਾਅਦ ਕੀਤੀ ਹੈ। ਇਸ ਤੋਂ ਇਲਾਵਾ  ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਕੈਬਨਿਟ ਮੰਤਰੀ ਸਰਾਰੀ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨ ਰੋਸ ਵਜੋਂ ਤੇ ਮੰਤਰੀ ਸਰਾਰੀ ਨੂੰ ਬਰਖਾਸਤ ਕਰਨ ਦੀ ਮੰਗ ਨੂੰ ਲੈ ਕੇ ਫਿਰੋਜ਼ਪੁਰ ਵਿਖੇ ਰੋਸ ਮਾਰਚ ਕੱਢਿਆ ਗਿਆ ਸੀ।



ਕੀ ਹੈ ਪੂਰਾ ਮਾਮਲਾ
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਕਥਿਤ ਆਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਈਰਲ ਹੋਈ ਸੀ। ਜਿਸ ਵਿੱਚ ਮੰਤਰੀ ਆਪਣੇ OSD ਨਾਲ ਸੌਦੇਬਾਜ਼ੀ ਦੀ ਗੱਲ ਕਰ ਰਹੇ ਸਨ। ਆਡੀਓ ਮੁਤਾਬਕ ਮੰਤਰੀ ਆਪਣੇ OSD ਨਾਲ ਕਿਸੇ ਟਰੱਕ ਦਾ ਮਾਲ ਫੜਵਾਉਣਾ ਚਾਹੁੰਦੇ ਸਨ ਤੇ ਬਾਅਦ ਵਿੱਚ ਉਸ ਨੂੰ ਛੁਡਵਾਉਣ ਲਈ ਉਸ ਤੋਂ ਪੈਸੇ ਲੈਣਾ ਚਾਹੁੰਦੇ ਸਨ। ਜਦੋਂ ਇਸ ਬਾਰੇ ਮੰਤਰੀ ਤੋਂ ਪੁਛਿਆ ਗਿਆ ਸੀ ਤਾਂ ਉਨ੍ਹਾਂ ਕਿਹਾ ਸੀ ਕਿ ਇਹ ਆਡੀਓ ਆਡਿਟ ਕੀਤੀ ਗਈ ਹੈ, ਇਸ ਵਿੱਚ ਕੋਈ ਸੱਚਾਈ ਨਹੀਂ।