Kapurthala News: ਕਪੂਰਥਲਾ ਦੇ ਭੁਲੱਥ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ (Sukhpal Khaira) ਦੇ ਘਰ ਨੇੜੇ ਅੱਜ ਸਵੇਰੇ ਭਾਰੀ ਪੁਲਿਸ ਫੋਰਸ ਪਹੁੰਚੀ। ਪੁਲਿਸ ਨੇ ਘਰ ਦੇ ਨੇੜੇ ਗਲੀ ਵਿੱਚ ਲੱਗਿਆ ਇੱਕ ਗੇਟ ਨੂੰ ਢਾਹ ਦਿੱਤਾ। ਇਸ ਦੌਰਾਨ ਵਿਧਾਇਕ ਦੇ ਸਮਰਥਕਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਦੱਸ ਦਈਏ ਕਿ SSP ਗੌਰਵ ਤੂਰਾ ਦੀ ਅਗਵਾਈ ਹੇਠ ਵੱਡੀ ਪੁਲਿਸ ਫੋਰਸ ਮੌਕੇ 'ਤੇ ਮੌਜੂਦ ਸੀ। ਇਸ ਦੌਰਾਨ ਵਿਧਾਇਕ ਸੁਖਪਾਲ ਖਹਿਰਾ ਵੀ ਉਨ੍ਹਾਂ ਦੇ ਘਰ ਮੌਜੂਦ ਸਨ। ਸੁਖਪਾਲ ਖਹਿਰਾ ਦੇ ਸਮਰਥਕਾਂ ਅਤੇ ਹੋਰ ਸਥਾਨਕ ਲੋਕਾਂ ਨੇ ਪੁਲਿਸ ਕਾਰਵਾਈ ਦਾ ਵਿਰੋਧ ਕੀਤਾ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਵਿਧਾਇਕ ਵੱਲੋਂ ਸਮਰਥਕਾਂ ਨੂੰ ਕੀਤੀ ਅਪੀਲ
ਕਾਰਵਾਈ ਕਰਨ ਤੋਂ ਪਹਿਲਾਂ, ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਸਮਰਥਕਾਂ ਨੂੰ ਅਪੀਲ ਕਰਦਿਆਂ ਕਿਹਾ, "ਦੋਸਤੋ, ਮੈਂ ਤੁਹਾਨੂੰ ਸੋਮਵਾਰ ਸਵੇਰੇ 7 ਵਜੇ ਰਾਮਗੜ੍ਹ ਸਥਿਤ ਮੇਰੇ ਘਰ ਪਹੁੰਚਣ ਦੀ ਬੇਨਤੀ ਕਰਦਾ ਹਾਂ, ਕਿਉਂਕਿ 'ਆਪ' ਸਰਕਾਰ ਪੂਰੀ ਤਰ੍ਹਾਂ ਝੂਠੇ ਕਾਰਨਾਂ ਕਰਕੇ ਬਿਨਾਂ ਨੋਟਿਸ ਤੋਂ ਮੇਰੇ ਘਰ ਦੇ ਇੱਕ ਹਿੱਸੇ ਨੂੰ ਢਾਹੁਣ ਦੀ ਕੋਸ਼ਿਸ਼ ਕਰ ਰਹੀ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਇਸ ਗੈਰ-ਕਾਨੂੰਨੀ ਕਾਰਵਾਈ ਦਾ ਵਿਰੋਧ ਕਰਨ ਵਿੱਚ ਮੇਰੇ ਨਾਲ ਸ਼ਾਮਲ ਹੋਵੋਗੇ।"