ਕੈਪਟਨ ਵੱਲੋਂ ਵਿਧਾਇਕਾਂ ਨੂੰ 5-5 ਕਰੋੜ ਦਾ ਗੱਫਾ
ਏਬੀਪੀ ਸਾਂਝਾ | 16 Jan 2019 04:11 PM (IST)
ਚੰਡੀਗੜ੍ਹ: ਪੰਜਾਬ ਦੇ ਵਿਧਾਇਕਾਂ ਨੂੰ ਸ਼ਾਂਤ ਕਰਨ ਲਈ ਕੈਪਟਨ ਸਰਕਾਰ ਨੇ 5-5 ਕਰੋੜ ਦਾ ਵਿਕਾਸ ਫੰਡ ਦੇਣ ਦਾ ਫੈਸਲਾ ਕੀਤਾ ਹੈ। ਇਹ ਐਮਐਲਏ ਫੰਡ ਦੋ ਪੜਾਵਾਂ ਵਿੱਚ ਦਿੱਤਾ ਜਾਏਗਾ। ਕੈਪਟਨ ਸਰਕਾਰ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਧਾਇਕਾਂ ਨੂੰ ਸ਼ਾਂਤ ਕਰਨ ਤੇ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਣ ਲਈ ਅੱਜ ਇਹ ਫੈਸਲਾ ਲਿਆ ਹੈ। ਯਾਦ ਰਹੇ ਕਾਂਗਰਸ ਦੇ ਆਪਣੇ ਹੀ ਵਿਧਾਇਕ ਸਰਕਾਰ ਖਿਲਾਫ ਬਾਗੀ ਸੁਰਾਂ ਅਲਾਪ ਰਹੇ ਹਨ। ਵਿਧਾਇਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕੋਈ ਫੰਡ ਨਹੀਂ ਜਿਸ ਨਾਲ ਵਿਕਾਸ ਕਾਰਜ ਕਰ ਸਕਣ ਤੇ ਨਾ ਹੀ ਦਫਤਰਾਂ ਵਿੱਚ ਉਨ੍ਹਾਂ ਦੀ ਕੋਈ ਸੁਣਵਾਈ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵਿਧਾਇਕਾਂ ਨਾਲ ਮੀਟਿੰਗਾਂ ਕਰ ਰਹੇ ਹਨ। ਅੱਜ ਮਾਝੇ ਦੇ ਵਿਧਾਇਕਾਂ ਨਾਲ ਮੀਟਿੰਗ ਹੋਈ। ਇਸ ਦੌਰਾਨ ਹੀ ਕੈਪਟਨ ਨੇ ਇਹ ਐਲਾਨ ਕੀਤਾ। ਯਾਦ ਰਹੇ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵੀ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਸੀ ਕਿ ਸਾਰੇ ਵਿਧਾਇਕਾਂ ਨੂੰ ਐਮਪੀ ਫੰਡ ਦੀ ਤਰਜ਼ 'ਤੇ ਫੰਡ ਜਾਰੀ ਕੀਤੇ ਜਾਣ। ਵਿਧਾਇਕਾਂ ਨੂੰ ਇਹ ਫੰਡ ਉਨ੍ਹਾਂ ਦੇ ਹਲਕੇ ਦੀ ਆਬਾਦੀ ਦੇ ਮੁਤਾਬਕ ਮਿਲੇਗਾ ਤੇ ਵੱਧ ਤੋਂ ਵੱਧ ਫੰਡ ਪੰਜ ਕਰੋੜ ਹੋਵੇਗਾ।