ਪਟਿਆਲਾ: ਪੰਜਾਬ ਦੇ ਪਟਿਆਲਾ 'ਚ ਵੀ ਕੋਰੋਨਾ ਬੰਬ ਫਟਿਆ ਹੈ। ਪਟਿਆਲਾ ਦੇ ਮੈਡੀਕਲ ਕਾਲਜ ਦੇ 100 ਤੋਂ ਵੱਧ ਵਿਦਿਆਰਥੀ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਕੋਰੋਨਾ ਸੰਕਰਮਿਤ ਹੋਣ ਤੋਂ ਬਾਅਦ ਹੋਸਟਲ ਨੂੰ ਤੁਰੰਤ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਦੱਸ ਦਈਏ ਕਿ ਹੋਸਟਲ 'ਚ ਕਰੀਬ ਇੱਕ ਹਜ਼ਾਰ ਵਿਦਿਆਰਥੀ ਰਹਿੰਦੇ ਹਨ। ਇਸ ਦੇ ਨਾਲ ਹੀ ਕੁਝ ਅਜਿਹਾ ਹੀ ਹਾਲ ਯੂਨੀਵਰਸਿਟੀ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ।
ਹਾਲਾਂਕਿ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਨੇ ਰਾਤ ਨੂੰ ਹੰਗਾਮੀ ਮੀਟਿੰਗ ਵੀ ਬੁਲਾਈ ਸੀ। ਮੀਟਿੰਗ ਦੌਰਾਨ ਸਮੁੱਚੀ ਸਥਿਤੀ ਦਾ ਜਾਇਜ਼ਾ ਲਿਆ ਗਿਆ। ਦੂਜੇ ਪਾਸੇ ਮੈਡੀਕਲ ਸਿੱਖਿਆ ਮੰਤਰੀ ਰਾਜ ਕੁਮਾਰ ਵੇਰਕਾ ਨੇ ਸਾਰੇ ਵਿਦਿਆਰਥੀਆਂ ਦੇ ਟੈਸਟ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ।
ਪੰਜਾਬ ਵਿੱਚ ਕੋਰੋਨਾ ਬੇਕਾਬੂ ਹੁੰਦਾ ਜਾ ਰਿਹਾ ਹੈ। ਇੱਥੇ ਐਤਵਾਰ ਨੂੰ 3 ਮਰੀਜ਼ਾਂ ਤੋਂ ਬਾਅਦ ਸੋਮਵਾਰ ਨੂੰ ਵੀ ਇੱਕ ਮਰੀਜ਼ ਦੀ ਮੌਤ ਹੋਈ ਹੈ। ਇਸ ਸਮੇਂ ਪੰਜਾਬ ਵਿੱਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ ਵੱਧ ਕੇ 1741 ਹੋ ਗਈ ਹੈ। ਸੂਬੇ ਵਿੱਚ ਪਟਿਆਲਾ ਦੀ ਸਥਿਤੀ ਸਭ ਤੋਂ ਚਿੰਤਾਜਨਕ ਹੈ। ਇੱਥੇ ਸੋਮਵਾਰ ਨੂੰ 143 ਮਰੀਜ਼ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ।
ਇਸ ਦੇ ਨਾਲ ਹੀ ਦੂਜੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਪਠਾਨਕੋਟ ਵਿੱਚ 58 ਮਰੀਜ਼ ਮਿਲੇ ਹਨ, ਜਦੋਂ ਕਿ ਲੁਧਿਆਣਾ ਵਿੱਚ 57 ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਮੋਹਾਲੀ ਵਿੱਚ 30, ਜਲੰਧਰ ਵਿੱਚ 24, ਅੰਮ੍ਰਿਤਸਰ ਵਿੱਚ 20, ਬਠਿੰਡਾ ਵਿੱਚ 16, ਹੁਸ਼ਿਆਰਪੁਰ ਵਿੱਚ 13, ਕਪੂਰਥਲਾ ਵਿੱਚ 12 ਤੇ ਗੁਰਦਾਸਪੁਰ ਵਿੱਚ 10 ਮਰੀਜ਼ ਪਾਏ ਗਏ ਹਨ।
ਮੁੱਖ ਮੰਤਰੀ ਦੀ ਸਮੀਖਿਆ ਮੀਟਿੰਗ, ਹੋ ਸਕਦੇ ਵੱਡੇ ਫੈਸਲੇ
ਇਸ ਦੇ ਨਾਲ ਹੀ ਪੰਜਾਬ 'ਚ ਚੋਣਾਂ ਦੇ ਮੌਸਮ ਦੌਰਾਨ ਜਿਸ ਤਰ੍ਹਾਂ ਨਾਲ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ, ਉਹ ਬੇਹੱਦ ਚਿੰਤਾਜਨਕ ਹਨ। ਦਰਅਸਲ, ਤੇਜ਼ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਵੱਡੀ ਗਿਣਤੀ 'ਚ ਲੋਕਾਂ ਦੇ ਇਕੱਠੇ ਹੋਣ ਕਾਰਨ ਕੋਰੋਨਾ ਫੈਲਣ ਦੀ ਪੂਰੀ ਸੰਭਾਵਨਾ ਹੈ। ਹਾਲਾਂਕਿ ਗੰਭੀਰ ਸਥਿਤੀ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਅੱਜ ਸਮੀਖਿਆ ਮੀਟਿੰਗ ਬੁਲਾਈ ਹੈ, ਜਿਸ ਵਿੱਚ ਵੱਡੇ ਫੈਸਲੇ ਲਏ ਜਾ ਸਕਦੇ ਹਨ।
ਇਹ ਵੀ ਪੜ੍ਹੋ: Sidhu Moose Wala: ਸਿੱਧੂ ਮੂਸੇਵਾਲਾ ਦੇ ਬਾਗੀ ਤੇਵਰ! ਟਿਕਟ ਨਾ ਮਿਲੀ ਤਾਂ ਆਜ਼ਾਦ ਲੜਨਗੇ ਚੋਣ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/