ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਦੌਰਾਨ 200 ਤੋਂ ਜ਼ਿਆਦਾ ਥਾਵਾਂ 'ਤੇ ਬੂਥਾਂ 'ਤੇ ਕਬਜ਼ਾ ਹੋਣ ਦਾ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਦੁਬਾਰਾ ਚੋਣਾਂ ਕਰਾਉਣ ਦੀ ਮੰਗ ਕੀਤੀ ਹੈ। ਪਾਰਟੀ ਨੇ ਕਿਹਾ ਹੈ ਕਿ 14 ਫਰਵਰੀ ਨੂੰ ਸਥਾਨਕ ਚੋਣਾਂ ਵਿੱਚ ਹੋਈ ਹਿੰਸਾ ਤੇ ਬੂਥਾਂ ਉੱਤੇ ਕਬਜ਼ੇ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਚੋਣ ਕਮਿਸ਼ਨ ਮੁੜ ਚੋਣਾਂ ਕਰਵਾਏ।


ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਵਿੱਚ 200 ਤੋਂ ਜ਼ਿਆਦਾ ਥਾਵਾਂ ਉੱਤੇ ਕਾਂਗਰਸ ਦੇ ਗੁੰਡਿਆਂ ਨੇ ਹਿੰਸਾ ਕਰਕੇ ਬੂਥਾਂ ਉੱਤੇ ਕਬਜ਼ਾ ਕੀਤਾ। ਸਮਾਣਾ, ਅਬੋਹਰ, ਪੱਟੀ, ਫਿਰੋਜਪੁਰ, ਰਾਜਪੁਰਾ, ਬਠਿੰਡਾ, ਧੂਰੀ, ਪਾਤੜਾਂ ਤੇ ਹੋਰ ਕਈ ਥਾਵਾਂ ਉੱਤੇ ਹਿੰਸਾ ਤੇ ਬੂਥ ਕਬਜ਼ੇ ਕਰਨ ਦੀ ਰਿਪੋਰਟ ਸਾਹਮਣੇ ਆਈ ਹੈ। 'ਆਪ' ਵਰਕਰਾਂ ਨੇ ਕਈ ਥਾਵਾਂ ਉੱਤੇ ਕਾਂਗਰਸ ਦੇ ਗੁੰਡਿਆਂ ਦੇ ਬੂਥ ਕੇਂਦਰਾਂ ਵਿੱਚ ਜਬਰਦਸਤੀ ਦਾਖਲ ਹੋਣ ਤੇ ਬੂਥਾਂ ਉੱਤੇ ਕਬਜ਼ਾ ਕਰਨ ਵਾਲੀਆਂ ਫੋਟੋ ਤੇ ਵੀਡੀਓ ਮੀਡੀਆ ਨਾਲ ਸਾਂਝੀਆਂ ਕੀਤੀਆਂ ਹਨ।


ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਆਮ ਆਦਮੀ ਪਾਰਟੀ ਦੀ ਟੀਮ ਨੇ ਸੂਬੇ ਭਰ ਦੇ ਪਾਰਟੀ ਦਫ਼ਤਰਾਂ ਤੋਂ ਉਨ੍ਹਾਂ ਬੂਥਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਿੱਥੇ ਹਿੰਸਾ ਤੇ ਬੂਥ ਉਤੇ ਕਬਜ਼ੇ ਕਰਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਰਿਪੋਰਟਾਂ ਦੇ ਨਤੀਜੇ ਹੈਰਾਨ ਕਰਨ ਵਾਲੇ ਨਿਕਲੇ। 200 ਤੋਂ ਜ਼ਿਆਦਾ ਬੂਥਾਂ ਉੱਤੇ ਹਿੰਸਾ ਤੇ ਬੂਥ ਉੱਤੇ ਕਬਜ਼ੇ ਹੋਏ। ਕੁਝ ਥਾਵਾਂ ਉੱਤੇ ਤਾਂ ਲਗਪਗ ਸਾਰੇ ਵਾਰਡਾਂ ਉੱਤੇ ਬੂਥ ਕਬਜ਼ੇ ਅਤੇ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ।


ਚੀਮਾ ਨੇ ਚੋਣ ਕਮਿਸ਼ਨ ਦੇ ਰਵੱਈਏ ਉੱਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਸਭ ਤੋਂ ਜ਼ਿਆਦਾ ਹੈਰਾਨੀ ਦੀ ਗੱਲ ਹੈ ਕਿ ਐਨੀ ਵੱਡੀ ਗਿਣਤੀ ਵਿੱਚ ਬੂਥ ਕਬਜ਼ਿਆਂ ਦਾ ਮਾਮਲਾ ਸਾਹਮਣੇ ਆਉਣ ਬਾਅਦ ਵੀ ਚੋਣ ਕਮਿਸ਼ਨ ਨੇ ਚੋਣਾਂ ਨੂੰ ਸੁਤੰਤਰ ਕਰਾਰ ਦਿੰਦਿਆਂ ਕੇਵਲ 3 ਮਤਦਾਨ ਕੇਂਦਰਾਂ ਉੱਤੇ ਦੁਬਾਰਾ ਚੋਣਾਂ ਕਰਾਉਣ ਦਾ ਫੈਸਲਾ ਕੀਤਾ। ਸਾਰੀਆਂ ਚੋਣਾਂ ਦੌਰਾਨ ਚੋਣ ਕਮਿਸ਼ਨ ਦਾ ਰਵੱਈਆ ਬਿਲਕੁਲ ਇਕਪਾਸੜ ਰਿਹਾ। ਅਜਿਹਾ ਲੱਗ ਰਿਹਾ ਸੀ ਜਿਵੇਂ ਚੋਣ ਕਮਿਸ਼ਨ ਕਾਂਗਰਸ ਦਾ ਚੋਣ ਵਿੰਗ ਹੋਵੇ।


ਚੋਣ ਕਮਿਸ਼ਨ ਨੇ ਸੁਤੰਤਰ ਤੇ ਨਿਰਪੱਖ ਚੋਣਾਂ ਕਰਾਉਣ ਦੀ ਕੋਈ ਵਿਵਸਥਾ ਨਹੀਂ ਕੀਤੀ। ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਕਈ ਵਾਰ ਰਾਜ ਚੋਣ ਕਮਿਸ਼ਨਰ ਨੂੰ ਮਿਲਕੇ ਚੋਣਾਂ ਵਿੱਚ ਘਪਲੇਬਾਜ਼ੀ ਦਾ ਸ਼ੱਕ ਪ੍ਰਗਟਾਇਆ ਸੀ। ਅਸੀਂ ਕਮਿਸ਼ਨ ਨੂੰ ਪਹਿਲਾਂ ਹੀ ਕਾਂਗਰਸ ਦੇ ਗੁੰਡਿਆਂ ਤੇ ਪੁਲਿਸ ਦੇ ਰਵੱਈਏ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਸੀ ਕਿ ਚੋਣਾਂ ਦੌਰਾਨ ਅਰਧਸੈਨਿਕ ਬਲਾਂ ਦੀ ਤੈਨਾਤੀ ਕੀਤੀ ਜਾਵੇ। ਪ੍ਰੰਤੂ ਬੇਹੱਦ ਮੰਦਭਾਗਾ ਹੈ ਕਿ ਸਾਡੀ ਮੰਗ ਉੱਤੇ ਕੋਈ ਧਿਆਨ ਨਹੀਂ ਦਿੱਤਾ।  ਕਮਿਸ਼ਨ ਨੇ ਚੋਣਾਂ ਨੂੰ ਕੈਪਟਨ ਅਤੇ ਕਾਂਗਰਸ ਦੇ ਗੁੰਡਿਆਂ ਦੇ ਭਰੋਸੇ ਛੱਡ ਦਿੱਤਾ।