ਹੁਸ਼ਿਆਰਪੁਰ: ਗੜ੍ਹਦੀਵਾਲਾ 'ਚ ਕੁਝ ਲੋਕਾਂ ਨੇ ਭਾਜਪਾ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਦੀ ਗੱਡੀ ਭੰਨ੍ਹ ਦਿੱਤੀ ਤੇ ਇਸ ਦੌਰਾਨ ਉਹ ਵਾਲ ਵਾਲ ਬਚ ਗਏ। ਇਸ ਸਮੇਂ ਉਹ ਭੁੰਗਾ ਦੇ ਸਰਕਾਰੀ ਹਸਪਤਾਲ ਚ ਜ਼ੇਰੇ ਇਲਾਜ ਹਨ।  

ਹਾਸਲ ਜਾਣਕਾਰੀ ਮੁਤਾਬਕ ਸੰਜੀਵ ਮਿਨਹਾਸ ਅੱਜ ਟਾਂਡਾ ਰੋਡ ਸਥਿਤ ਇੱਕ ਦੁਕਾਨ 'ਤੇ ਗਏ ਸਨ। ਇਸ ਦੀ ਭਿਣਕ ਕਿਸਾਨਾਂ ਨੂੰ ਪੈ ਗਈ। ਕਿਸਾਨ ਉੱਥੇ ਪਹੁੰਚ ਗਏ। ਪੁਲਿਸ ਮੁਤਾਬਕ ਮਾਹੌਲ ਦੀ ਨਜ਼ਾਕਤ ਨੂੰ ਸਮਝਦੇ ਹੋਏ ਉਨ੍ਹਾਂ ਨੂੰ ਉਥੋਂ ਜਾਣ ਦੀ ਸਲਾਹ ਦਿੱਤੀ ਪਰ ਜ਼ਿਲ੍ਹਾ ਪ੍ਰਧਾਨ ਉੱਥੋਂ ਨਹੀਂ ਗਏ। ਦੂਜੇ ਪਾਸੇ ਪੁਲਿਸ ਨੇ ਨਾਅਰੇਬਾਜ਼ੀ ਕਰਦੇ ਕਿਸਾਨਾਂ ਨੂੰ ਵੀ ਸਮਝਾਇਆ ਤੇ ਇੱਕ ਪਾਸੇ ਤੋਰ ਦਿੱਤਾ।

ਸੂਤਰਾਂ ਅਨੁਸਾਰ ਉਨ੍ਹਾਂ ਇਸ ਦੌਰਾਨ ਮੋਦੀ ਸਰਕਾਰ ਦੇ ਹੱਕ਼ ਵਿੱਚ ਨਾਅਰਾ ਮਾਰ ਦਿੱਤਾ ਤੇ ਭੜਕੇ  ਕਿਸਾਨ ਫਿਰ ਵਾਪਸ ਆ ਗਏ। ਉਨ੍ਹਾਂ ਜ਼ਿਲ੍ਹਾ ਪ੍ਰਧਾਨ ਦੀ ਗੱਡੀ ਭੰਨ੍ਹ ਦਿੱਤੀ। ਜਾਣਕਾਰੀ ਅਨੁਸਾਰ ਬੜੀ ਮੁਸ਼ਕਲ ਨਾਲ ਉਨ੍ਹਾਂ ਨੂੰ ਪੁਲਿਸ ਨੇ ਉੱਥੋਂ ਸੁਰੱਖਿਅਤ ਬਾਹਰ ਕੱਢਿਆ।

ਇਸ ਝੜਪ ਵਿੱਚ ਉਨ੍ਹਾਂ ਦੀ ਗੱਡੀ ਨੂੰ ਕਾਫੀ ਨੁਕਸਾਨ ਪੁੱਜਾ ਹੈ ਤੇ ਹੁਣ ਉਹ ਭੁੰਗਾ ਦੇ ਸਰਕਾਰੀ ਹਸਪਤਾਲ ਦਾਖਲ ਹਨ। ਦੂਜੇ ਪਾਸੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਨੇ ਕਿਹਾ ਹੈ ਕਿ ਕਿਸਾਨ ਅਜਿਹੀ ਹਰਕਤ ਨਹੀਂ ਕਰ ਸਕਦੇ। ਉਨ੍ਹਾਂ ਇਸ ਨੂੰ ਕਾਂਗਰਸ ਦੇ ਗੁੰਡਿਆਂ ਦਾ ਕਾਰਾ ਦੱਸਿਆ ਹੈ।