ਭਿੱਖੀਵਿੰਡ: ਪੰਜਾਬ ਵਿੱਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਨੂੰ ਲੈ ਕੇ ਅਕਾਲੀ ਦਲ ਵੱਲੋਂ ਲਗਾਤਾਰ ਕਾਂਗਰਸ ‘ਤੇ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਹਨ । ਹਲਕਾ ਖੇਮਕਰਨ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਹਮਲਾ ਵੀ ਸਾਡੇ ਵਰਕਰਾਂ 'ਤੇ ਹੋਇਆ ਗੋਲੀਆਂ ਵੀ ਸਾਡੇ 'ਤੇ ਚੱਲੀਆਂ ਅਤੇ ਪੁਲਿਸ ਨੇ ਕੇਸ ਵੀ ਸਾਡੇ ‘ਤੇ ਹੀ ਦਰਜ ਕੀਤੇ।
ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ 2 ਫਰਵਰੀ ਨੂੰ ਤਰਨਤਾਰਨ ਦੇ ਭਿੱਖੀਵਿੰਡ ਵਿੱਚ ਕਾਂਗਰਸ ਨੇ ਹੁੱਲੜਬਾਜ਼ੀ ਕੀਤੀ ਸੀ। ਜਿਸ ਨਾਲ ਸ਼ਹਿਰ ਵਾਸੀਆਂ ਵਿੱਚ ਰੋਸ ਹੈ। ਇਸ ਦੌਰਾਨ ਵਲਟੋਹਾ ਨੇ ਇਹ ਵੀ ਇਲਜ਼ਾਮ ਲਾਏ ਕਿ ਕਾਂਗਰਸ ਦੇ ਇਸ਼ਾਰਿਆਂ ‘ਤੇ ਹੀ ਪੁਲਿਸ ਨੇ ਸਾਡੇ ਵਰਕਰਾਂ ‘ਤੇ ਝੂਠੇ ਪਰਚੇ ਦਰਜ ਕੀਤੇ। ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਪੁਲਿਸ ਲੋਕਤੰਤਰ ਦਾ ਘਾਣ ਕਰ ਰਹੀ ਹੈ। ਅਸੀਂ ਪੰਜਾਬ ਸਰਕਾਰ ਅਤੇ ਚੋਣ ਕਮਿਸ਼ਨ ਤੋਂ ਮੰਗ ਕਰਦੇ ਹਾਂ ਕਿ ਇਸ ਹਿੰਸਾ ਦੀ ਨਿਰਪੱਖ ਜਾਂਚ ਕੀਤੀ ਜਾਵੇ।
ਉਨ੍ਹਾਂ ਇਲਜ਼ਾਮ ਲਾਇਆ ਕਿ ਭਿੱਖੀਵਿੰਡ ਦੇ ਡੀ.ਐੱਸ.ਪੀ ਰਾਜਬੀਰ ਸਿੰਘ ਤੇ ਐੱਸ.ਐੱਚ.ਓ ਸਰਬਜੀਤ ਸਿੰਘ ਕਾਂਗਰਸ ਪਾਰਟੀ ਦੇ ਇਸ਼ਾਰਿਆ 'ਤੇ ਚਲ ਰਹੇ ਹਨ । ਵਲਟੋਹਾ ਨੇ ਖੁਲਾਸਾ ਕਰਦਿਆਂ ਕਿਹਾ ਕਿ ਬੀਤੇ ਦਿਨੀ ਕਾਂਗਰਸ ਦੇ ਮੌਜੂਦਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਵੱਲੋਂ ਇਕ ਚੈੱਨਲ 'ਤੇ ਦਿੱਤੀ ਇਟਰਵਿਓੂ ਵਿੱਚ ਖੇਮਕਰਨ ਦੇ ਨੌਜਵਾਨ ਮਨਜੀਤ ਸਿੰਘ 'ਤੇ ਪਰਚੇ ਹੋਣ ਦੇ ਇਲਜਾਮ ਲਗਾਏ ਹਨ ਜੋ ਕਿ ਬਿਲਕੁੱਲ ਝੂਠੀ ਕਹਾਣੀ ਵਿਧਾਇਕ ਵੱਲੋਂ ਘੜੀ ਜਾ ਰਹੀ ਹੈ।
ਇਹ ਵੀ ਖ਼ਬਰ ਹੈ ਕਿ ਵਿਰਸਾ ਸਿੰਘ ਵਲਟੋਹਾ ਦੀ ਪ੍ਰੈਸ ਕਾਨਫਰੰਸ ਦੌਰਾਨ ਵੱਡੀ ਗਿਣਤੀ ਭਿੱਖੀਵਿੰਡ ਪੁਲਿਸ ਆਈ ਅਤੇ ਵਿਰਸਾ ਸਿੰਘ ਵਲਟੋਹਾ ਤੇ ਕਾਨਫਰੰਸ 'ਚ ਬਾਹਰੋਂ ਹਥਿਆਰਬੰਦ ਬੰਦੇ ਲਿਆ ਕੇ ਬਿਠਾਉਣ ਦੇ ਇਲਜ਼ਾਮ ਲਗਾਏ। ਜਦ ਕਿ ਉਸ ਸਮੇਂ ਉਥੇ ਕੋਈ ਵੀ ਅਜਿਹਾ ਹਥਿਆਰਬੰਦ ਸ਼ੱਕੀ ਸ਼ਖ਼ਸ ਮੌਜੂਦ ਨਹੀਂ ਸੀ।
ਇਸ ਦੌਰਾਨ ਭਿੱਖੀਵਿੰਡ ਦੇ ਐੱਸਐੱਚਓ ਸਰਬਜੀਤ ਸਿੰਘ ਅਤੇ ਪ੍ਰੋ ਵਿਰਸਾ ਸਿੰਘ ਵਲਟੋਹਾ ਵਿੱਚ ਕਾਫ਼ੀ ਗਰਮਾ ਗਰਮੀ ਹੋਈ ਅਤੇ ਉੱਥੇ ਪੱਤਰਕਾਰ ਮੌਜੂਦ ਦੇਖ ਭਿੱਖੀਵਿੰਡ ਪੁਲਿਸ ਉੱਥੋਂ ਖਿਸਕਦੀ ਨਜ਼ਰ ਆਈ।