Punjab News: ਪਟਿਆਲਾ ਜੇਲ੍ਹ  'ਚੋਂ 19 ਮੋਬਈਲ ਫੋਨ ਬਰਾਮਦ ਹੋਏ ਹਨ। ਜੇਲ ਮੰਤਰੀ ਹਰਜੋਤ ਬੈਂਸ ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੀਆਂ ਜੇਲ੍ਹਾਂ ਨੂੰ ਨਸ਼ਾ ਮੁਕਤ ਅਤੇ ਮੋਬਾਈਲ ਫ੍ਰੀ ਕਰਨ ਲਈ ਵਚਨਬੱਧ ਹੈ ਜਿਸ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸੇ ਤਹਿਤ ਅੱਜ ਤਲਾਸ਼ੀ ਦੌਰਾਨ ਪਟਿਆਲਾ ਦੀ ਜੇਲ੍ਹ 'ਚੋਂ 19 ਮੋਬਾਈਲ ਫੋਨ ਬਰਾਮਦ ਹੋਏ ਹਨ ਜੋ ਕਿ ਦੀਵਾਰਾਂ ਅਤੇ ਫਰਸ਼ ਹੇਠਾਂ ਜਗ੍ਹਾ ਪੁੱਟ ਕੇ ਲੁਕਾਏ ਗਏ ਸੀ। 






ਫਰੀਦਕੋਟ ਜੇਲ੍ਹ ਵਿੱਚੋਂ ਸਹਾਇਕ ਸੁਪਰਡੈਂਟ ਗ੍ਰਿਫ਼ਤਾਰ


ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚੋਂ ਸਹਾਇਕ ਸੁਪਰਡੈਂਟ ਨੂੰ 78.10 ਗ੍ਰਾਮ ਹੈਰੋਇਨ ਵਰਗੇ ਨਸ਼ੀਲੇ ਪਾਊਡਰ ਅਤੇ ਇੱਕ ਟੱਚ ਸਕਰੀਨ ਮੋਬਾਈਲ ਫੋਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਉਸ ਦੀ ਕਾਰ ਵਿੱਚੋਂ 67 ਹਜ਼ਾਰ ਰੁਪਏ ਦੀ ਨਕਦੀ ਅਤੇ ਤਿੰਨ ਹੋਰ ਮੋਬਾਈਲ ਫ਼ੋਨ ਵੀ ਬਰਾਮਦ ਹੋਏ ਹਨ। ਇਸ ਦੌਰਾਨ ਮੁਲਜ਼ਮ ਵੱਲੋਂ ਜੇਲ੍ਹ ਮੁਲਾਜ਼ਮਾਂ ਨਾਲ ਬਦਸਲੂਕੀ ਅਤੇ ਹੱਥੋਪਾਈ ਵੀ ਕੀਤੀ ਗਈ।


ਡੀਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਕਰੀਬ 4 ਵਜੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਬਿੰਨੀ ਟਾਂਕ ਆਪਣੀ ਡਿਊਟੀ ’ਤੇ ਪੁੱਜੇ। ਜੇਲ੍ਹ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਡਿਉੜੀ ਵਿੱਚ ਡਿਊਟੀ ’ਤੇ ਤਾਇਨਾਤ ਵਾਰਡਨ ਜਸਵੀਰ ਸਿੰਘ ਦੀ ਅਗਵਾਈ ਵਿੱਚ ਉਸ ਦੀ ਤਲਾਸ਼ੀ ਲਈ ਗਈ। ਜਦੋਂ ਵਾਰਡਨ ਨੇ ਸਹਾਇਕ ਸੁਪਰਡੈਂਟ ਦੇ ਹੱਥ ਵਿੱਚ ਫੜੀ ਫਾਈਲ ਦੀ ਤਲਾਸ਼ੀ ਲਈ ਤਾਂ ਉਸ ਨੇ ਉਸ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ ਅਤੇ ਇੱਕ ਕਮਰੇ ਵਿੱਚ ਵੜ ਗਿਆ।