Punjab News: ਪੰਜਾਬ ਪੁਲਿਸ ਨੇ ਸਰਹੱਦ ਪਾਰ ਪਾਕਿਸਤਾਨ ਤੋਂ ਚੱਲ ਰਹੇ ਨਸ਼ਾ ਤਸਕਰੀ ਗਿਰੋਹ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 4.5 ਕਿਲੋ ਹੈਰੋਇਨ ਅਤੇ 11 ਲੱਖ ਰੁਪਏ ਨਕਦ ਬਰਾਮਦ ਕੀਤੇ ਹਨ।
ਪਾਕਿਸਤਾਨ 'ਚ ਬੈਠੇ ਰਾਣਾ ਨਾਲ ਜੁੜੇ ਤਾਰ
ਆਰੋਪੀਆਂ ਦੀ ਪਛਾਣ ਗੁਰਭੇਜ ਸਿੰਘ ਉਰਫ ਭੇਜਾ ਅਤੇ ਅਭਿਜੀਤ ਸਿੰਘ ਉਰਫ ਹੈਪੀ ਵਜੋਂ ਹੋਈ ਹੈ। ਦੋਹਾਂ ਦੇ ਤਾਰ ਪਾਕਿਸਤਾਨ ਵਿੱਚ ਬੈਠੇ ਨਸ਼ਾ ਤਸਕਰ ਰਾਣਾ ਨਾਲ ਜੁੜੇ ਹੋਏ ਸਨ। ਇਹ ਜਾਣਕਾਰੀ ਪੰਜਾਬ ਪੁਲਿਸ ਵੱਲੋਂ ਦਿੱਤੀ ਗਈ।
ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਗੁਰਭੇਜ ਪਾਕਿਸਤਾਨ-ਅਧਾਰਤ ਤਸਕਰ ਰਾਣਾ ਨਾਲ ਸਿੱਧੇ ਸੰਪਰਕ ਵਿੱਚ ਹੈ ਅਤੇ ਖੇਪ ਦੀ ਡਿਲੀਵਰੀ ਲਈ ਤਾਲਮੇਲ ਕਰਦਾ ਸੀ। ਦੋਵੇਂ ਦੋਸ਼ੀ ਹੈਰੋਇਨ ਵੇਚਣ ਦੀ ਕੋਸ਼ਿਸ਼ ਕਰਦੇ ਹੋਏ ਫੜੇ ਗਏ। ਥਾਣਾ ਏ.ਐਨ.ਟੀ.ਐਫ, ਐਸ.ਏ.ਐਸ ਨਗਰ ਵਿਖੇ ਐਨ.ਡੀ.ਪੀ.ਐਸ ਐਕਟ ਤਹਿਤ FIR ਦਰਜ ਕੀਤੀ ਗਈ ਹੈ। ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਜਾਰੀ ਹੈ। ਪੰਜਾਬ ਪੁਲਿਸ ਪਾਕਿਸਤਾਨ-ਪ੍ਰਯੋਜਿਤ ਨਾਰਕੋਟਿਕਸ-ਅੱਤਵਾਦ ਨੈੱਟਵਰਕਾਂ ਦੀ ਰੀੜ੍ਹ ਦੀ ਹੱਡੀ ਤੋੜਨ ਅਤੇ ਨਸ਼ਾ ਮੁਕਤ ਪੰਜਾਬ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇਹ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਦੋਸ਼ੀਆਂ ਨੂੰ ਵੀ ਜਲਦ ਕਾਬੂ ਕੀਤਾ ਜਾਵੇਗਾ।
ਨਸ਼ਾ ਵੇਚਦੇ ਹੋਏ ਪੁਲਿਸ ਨੇ ਫੜਿਆ
ਇਹ ਕਾਰਵਾਈ ਮੋਹਾਲੀ ਪੁਲਿਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ (ANTF) ਵੱਲੋਂ ਕੀਤੀ ਗਈ। ਦੋਹਾਂ ਆਰੋਪੀਆਂ ਖਿਲਾਫ ਮੋਹਾਲੀ 'ਚ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਅੱਜ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਨੈਟਵਰਕ ਕਿੱਥੋਂ-ਕਿੱਥੋਂ ਚੱਲ ਰਿਹਾ ਸੀ। ANTF ਦੀ ਟੀਮ ਲਗਾਤਾਰ ਪੰਜਾਬ 'ਚ ਸਰਗਰਮ ਹੈ। ਇਸ ਤੋਂ ਪਹਿਲਾਂ ਵੀ ਟੀਮ ਨੇ ਫਿਰੋਜ਼ਪੁਰ 'ਚ ਵੱਡੀ ਕਾਰਵਾਈ ਕਰਕੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਸੀ। ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ੇ ਦੇ ਖਾਤਮੇ ਦੇ ਲਈ ਸਖਤ ਐਕਸ਼ਨ ਕੀਤੇ ਜਾ ਰਹੇ ਹਨ। ਜਿਸ ਕਰਕੇ ਵੱਡੀ ਗਿਣਤੀ ਵਿੱਚ ਨਸ਼ੇ ਤਸਕਰਾਂ ਨੂੰ ਕਾਬੂ ਕਰਕੇ ਜੇਲ੍ਹ 'ਚ ਸੁੱਟਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।