ਚੰਡੀਗੜ੍ਹ: ਪੰਜਾਬ ਦਾ ਹਰ ਤੀਜਾ ਬੰਦਾ ਸਰਕਾਰੀ ਆਟਾ-ਦਾਲ ਨਾਲ ਢਿੱਡ ਭਰ ਰਿਹਾ ਹੈ। ਇਹ ਖੁਲਾਸਾ ਸਰਕਾਰੀ ਅੰਕੜਿਆਂ ਵਿੱਚ ਹੀ ਹੋਇਆ ਹੈ। ਇਸ ਦੇ ਨਾਲ ਹੀ ਸਵਾਲ ਉੱਠ ਰਹੇ ਹਨ ਕਿ ਖੁਸ਼ਹਾਲ ਕਹੇ ਜਾਣ ਸੂਬੇ ਦੇ ਵਾਕਿਆ ਹੀ ਇੰਨੇ ਮਾੜੇ ਹਾਲਾਤ ਹਨ ਕਿ ਹਰ ਤੀਜਾ ਬੰਦਾ ਆਟਾ ਦਾਲ ਸਕੀਮ ਅਧੀਨ ਆ ਗਿਆ ਹੈ।



ਹਾਸਲ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਆਟਾ ਦਾਲ ਸਕੀਮ ਦੇ ਲਾਭਪਾਤਰੀਆਂ ਦੀ ਗਿਣਤੀ ਤਕਰੀਬਨ 1.27 ਕਰੋੜ ਹੈ। ਸੂਬੇ ਦੀ ਕੁੱਲ ਆਬਾਦੀ 2.96 ਕਰੋੜ ਹੈ। ਇਸ ਹਿਸਾਬ ਨਾਲ ਪੰਜਾਬ ’ਚ ਹਰ ਤੀਜੇ ਵਿਅਕਤੀ ਕੋਲ ‘ਨੀਲਾ ਕਾਰਡ’ ਹੈ। ਖੁਰਾਕ ਤੇ ਸਪਲਾਈਜ਼ ਵਿਭਾਗ ਪੰਜਾਬ ਦੇ ਤਾਜ਼ਾ ਵੇਰਵਿਆਂ ਅਨੁਸਾਰ ਪੰਜਾਬ ਵਿੱਚ ਹੁਣ 33 ਲੱਖ ਨੀਲੇ ਕਾਰਡ ਹੋ ਗਏ ਹਨ, ਜਿਨ੍ਹਾਂ ’ਤੇ 1.27 ਕਰੋੜ ਲਾਭਪਾਤਰੀ ਦਰਜ ਹਨ।





ਸਰਕਾਰੀ ਨਿਯਮਾਂ ਅਨੁਸਾਰ ਢਾਈ ਏਕੜ ਤਕ ਵਾਹੀਯੋਗ ਤੇ ਪੰਜ ਏਕੜ ਤਕ ਬੰਜ਼ਰ/ਬਰਾਨੀ ਜ਼ਮੀਨ ਵਾਲਾ ਪਰਿਵਾਰ ਇਸ ਸਕੀਮ ਦਾ ਹੱਕਦਾਰ ਹੈ। ਸਾਲਾਨਾ ਪਰਿਵਾਰਕ ਆਮਦਨ 60 ਹਜ਼ਾਰ ਹੋਣ ਦੀ ਸ਼ਰਤ ਹੈ। ਆਮਦਨ ਕਰ, ਵੈਟ, ਸੇਵਾ ਕਰ, ਪ੍ਰੋਫੈਸ਼ਨਲ ਕਰਦਾਤਾ, ਏਸੀ ਤੇ ਚਾਰ ਪਹੀਆ ਵਾਹਨ ਵਾਲਾ, ਸਰਕਾਰੀ ਮੁਲਾਜ਼ਮ ਅਤੇ ਸਨਅਤ ਮਾਲਕ ਇਸ ਸਕੀਮ ਲਈ ਯੋਗ ਨਹੀਂ ਹਨ। ਸੂਤਰਾਂ ਮੁਤਾਬਕ ਪਿੰਡਾਂ ਵਿੱਚ ਤਾਂ ਸਰਕਾਰੀ ਮੁਲਾਜ਼ਮਾਂ ਤੇ ਕੋਠੀਆਂ ਕਾਰਾਂ ਵਾਲੇ ਵੀ ਨੀਲੇ ਕਾਰਡ ਬਣਾਉਣ ਵਿੱਚ ਸਫ਼ਲ ਹੋ ਗਏ ਹਨ।