Crime News: ਥਾਣਾ ਸਮਰਾਲਾ ਦੀ ਪੁਲਿਸ ਨੇ 10 ਦਿਨ ਪਹਿਲਾਂ ਪਿੰਡ ਬਰਧਾਲਾ ਦੇ ਇੱਕ ਪੈਟਰੋਲ ਪੰਪ 'ਤੇ ਸੁਪਰਵਾਈਜ਼ਰ ਦੀ ਡਿਊਟੀ ਕਰ ਰਹੇ ਵਿਅਕਤੀ ਨੂੰ ਲੁੱਟਣ ਦੇ ਮਾਮਲੇ ਨੂੰ ਹੱਲ ਕਰ ਲਿਆ ਹੈ। ਇਸ ਮਾਮਲੇ ਵਿਚ ਪੁਲਿਸ ਨੇ 3 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਅਤੇ ਉਨ੍ਹਾਂ ਤੋਂ ਹੋਰ ਪੁੱਛਗਿਛ ਵੀ ਕੀਤੀ ਜਾ ਰਹੀ ਹੈ। ਦੱਸ ਦਈਏ ਇਸ ਘਟਨਾ ਦੇ ਵਿੱਚ ਸੁਪਰਵਾਈਜ਼ਰ ਜ਼ਖ਼ਮੀ ਵੀ ਹੋ ਗਿਆ ਸੀ।



ਰਾਤ ਨੂੰ ਸੁੱਤੇ ਹੋਏ ਕੀਤਾ ਸੀ ਹਮਲਾ


ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਸਮਰਾਲਾ ਜਸਪਿੰਦਰ ਸਿੰਘ ਅਤੇ ਥਾਣਾ ਮੁੱਖੀ ਭਿੰਦਰ ਸਿੰਘ ਖੰਗੂੜਾ ਨੇ ਦੱਸਿਆ ਕਿ, ਲੰਘੀ 24 ਅਗਸਤ ਦੀ ਰਾਤ ਪਿੰਡ ਨੌਲੜੀ ਕਲਾਂ ਵਿਖੇ ਰਿਲਾਇੰਸ ਪੈਟਰੋਲ ਪੰਪ ’ਤੇ ਸੁਪਰਵਾਈਜ਼ਰ ਦੇ ਤੌਰ ’ਤੇ ਕੰਮ ਕਰਦੇ ਨਿਰਮਲ ਸਿੰਘ ਵਾਸੀ ਪਿੰਡ ਖੁੰਬਣਾਂ ਨੂੰ ਰਾਤ ਨੂੰ ਸੁੱਤੇ ਪਏ ਕੁੁੱਝ ਵਿਅਕਤੀਆਂ ਨੇ ਜ਼ਖ਼ਮੀ ਕਰ ਕੇ ਲੁੱਟ ਲਿਆ ਸੀ।


ਡੂੰਘਾਈ ਨਾਲ ਪੜਤਾਲ ਕੀਤੀ, ਦੋਸ਼ੀ ਸੁਪਰਵਾਈਜ਼ਰ ਅਧੀਨ ਕੰਮ ਕਰਨ ਵਾਲਾ ਨਿਕਲਿਆ


ਇਸ ’ਤੇ ਪੁਲਿਸ ਨੇ ਮਾਮਲਾ ਦਰਜ਼ ਕਰਦੇ ਹੋਏ ਡੂੰਘਾਈ ਨਾਲ ਪੜਤਾਲ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਪੰਪ ’ਤੇ ਹੀ ਕੰਮ ਕਰਦੇ ਮਨਦੀਪ ਸਿੰਘ ਉਰਫ ਗੱਗੂ ਵਾਸੀ ਪਿੰਡ ਚੱਕ ਮਾਫ਼ੀ ਨੇ ਆਪਣੇ ਸਾਥੀਆਂ ਗਗਨਦੀਪ ਸਿੰਘ ਵਾਸੀ ਪਿੰਡ ਚੱਕੀ ਮਾਫ਼ੀ ਅਤੇ ਹਰਪ੍ਰੀਤ ਸਿੰਘ ਵਾਸੀ ਪਿੰਡ ਨੌਲੜੀ ਕਲਾਂ ਅਤੇ ਨਾਲ ਮਿਲ ਕੇ ਉਕਤ ਘਟਨਾ ਨੂੰ ਅੰਜਾਮ ਦਿੱਤਾ ਸੀ।
ਇਸ ’ਤੇ ਜਦੋਂ ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਆਪਣੀ ਗ੍ਰਿਫਤ 'ਚ ਲੈ ਕੇ ਅਗਲੀ ਪੁੱਛਗਿਛ ਕੀਤੀ ਤਾਂ ਇਹ ਗੱਲ ਵੀ ਸਾਹਮਣੇ ਆਈ ਕਿ ਸੁਪਰਵਾਈਜ਼ਰ ਨਿਰਮਲ ਸਿੰਘ ਦੋਸ਼ੀ ਮਨਦੀਪ ਸਿੰਘ ਜੋ ਉਸ ਦੇ ਅਧੀਨ ਪੰਪ ’ਤੇ ਹੀ ਕੰਮ ਕਰਦਾ ਸੀ, ਦੀ ਹਰ ਰੋਜ਼ ਹੀ ਟੋਕ-ਟਕਾਈ ਕਰਦਾ ਰਹਿੰਦਾ ਸੀ। ਜਿਸ ’ਤੇ ਮਨਦੀਪ ਸਿੰਘ ਨੇ ਆਪਣੀ ਬੇਇੱਜ਼ਤੀ ਮਹਿਸੂਸ ਕੀਤੀ ਅਤੇ ਮੌਕਾ ਪਾਕੇ ਆਪਣੇ ਸਾਥੀਆਂ ਨਾਲ ਮਿਲ ਉਸ ਨੇ ਉਸ ਰਾਤ ਸੁੱਤੇ ਪਏ ਨਿਰਮਲ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਉਸ ਨਾਲ ਲੁੱਟ ਦੀ ਵਾਰਦਾਤ ਕੀਤੀ। ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਉਨ੍ਹਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ।